ARTICLES - ENGLISH/PUNJABI

The Historical Facts About The Last Words Of Guru Gobind Singh JI –

ਸਿੱਖਾਂ ਵਿੱਚ ਇਹ ਧਾਰਨਾ ਆਮ ਹੀ ਪਾਈ ਜਾਂਦੀ ਹੈ ਕਿ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਵਾਲੀ ਸਤਰ ਹੂਬਹੂ ਰੂਪ ਵਿੱਚ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ। ਕਈ ਅਜੋਕੇ ਲੇਖਕ ਵੀ ਇਸ ਸਤਰ ਨੂੰ ਗੁਰੂ ਜੀ ਵੱਲੋਂ ਉਚਾਰੀ ਹੋਈ ਦਰਸਾਉਂਦੇ ਹੋਏ ਵੇਖੇ ਜਾ ਸਕਦੇ ਹਨ। ਇਸ ਵਿਸ਼ਵਾਸ ਦੇ ਬਣੇ ਰਹਿਣ ਦਾ ਵੱਡਾ ਕਾਰਨ ਸਿੱਖਾਂ ਦੇ ਧਾਰਮਿਕ ਸਮਾਗਮਾ ਵਿੱਚ ਅਤੇ ਹੋਰਨਾ ਮੌਕਿਆਂ ਉੱਤੇ ਕੀਤੀ ਜਾਣ ਵਾਲੀ ਅਰਦਾਸ ਦੇ ਹਿੱਸੇ ਵਜੋਂ ਇਸ ਸਤਰ ਵਾਲੇ ਉਹਨਾਂ ਬੰਦਾਂ ਦਾ ਸਮੂਹਿਕ ਤੌਰ ਤੇ ਗਾ ਕੇ ਉਚਾਰਨ ਕਰਨਾ ਹੈ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।

ਬਹੁਤ ਘਟ ਸਿਖ ਸੱਜਣ ਇਹੋ ਜਿਹੇ ਹੋਣਗੇ ਜਿਹਨਾਂ ਨੂੰ ਇਹ ਪਤਾ ਹੋਵੇ ਕਿ ਉੱਪਰ ਦਿੱਤੀਆਂ ਸਤਰਾਂ ਹੂਬਹੂ ਰੂਪ ਵਿੱਚ ਖੁਦ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਵਿੱਚੋਂ ਉਚਾਰੀਆਂ ਹੋਈਆਂ ਨਹੀਂ, ਅਤੇ ਇਹ ਵੀ ਕਿ ਇਹ ਸਤਰਾਂ ਭਾਈ ਪ੍ਰਹਲਾਦ ਸਿੰਘ ਰਚਿਤ ‘ਰਹਿਤਨਾਮਾ’ ਅਤੇ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ ਪੁਸਤਕ ‘ਪੰਥ ਪ੍ਰਕਾਸ਼’ ਉੱਤੇ ਅਧਾਰਿਤ ਹਨ। ਭਾਈ ਪ੍ਰਹਲਾਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਅਤੇ ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ‘ਪੰਥ ਪ੍ਰਕਾਸ਼’ 1867 ਈਸਵੀ ਵਿੱਚ ਤਿਆਰ ਕੀਤੀ ਸੀ। ਭਾਈ ਪ੍ਰਹਲਾਦ ਸਿੰਘ ਰਚਿਤ ‘ਰਹਿਤਨਾਮਾ’ ਵਿੱਚ ਥੋੜੇ-ਥੋੜੇ ਫਰਕ ਨਾਲ ਦਿੱਤੇ ਸਬੰਧਤ ਬੰਦ ਹੇਠਾਂ ਦਿੱਤੇ ਅਨੁਸਾਰ ਅੰਕਿਤ ਕੀਤੇ ਹੋਏ ਮਿਲਦੇ ਹਨ:
ਪੰਥ ਚਲਯੋ ਹੈ ਜਗਤ ਮੈ ਗੁਰ ਨਾਨਕ ਪ੍ਰਸਾਦਿ॥
ਰਹਤ ਬਤਾਈਏ ਖਾਲਸੇ ਸੁਣ ਭਾਈ ਪ੍ਰਹਲਾਦ॥
……………………………………………………………………
ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ॥
ਸਭ ਸਿੱਖਨ ਕੋ ਹੁਕਮ ਹੈ ਗੁਰੁ ਮਾਨੀਓ ਗ੍ਰੰਥ॥
…………………………………………………………………………।
ਗੁਰੂ ਖਾਲਸਾ ਮਾਨੀਅਹਿ ਪ੍ਰਗਟ ਗੁਰੂ ਕੀ ਦੇਹ॥
ਜੋ ਸਿਖ ਮੋ ਮਿਲਬੋ ਚਹੈ ਖੋਜ ਇਨਹੁ ਮਹਿ ਲੇਹੁ॥
……………………………………………………………………।
ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ (ਭਾਸ਼ਾ ਵਿਭਾਗ, ਪੰਜਾਬ 1987) ਦੇ ਪੰਨਾਂ 353 ਉੱਤੇ ਅਜਿਹੀਆਂ ਸਤਰਾਂ ਵਾਲਾ ਪੂਰਾ ਕਾਵਿ-ਬੰਦ ਹੇਠਾਂ ਦਿੱਤੇ ਅਨੁਸਾਰ ਪੇਸ਼ ਕੀਤਾ ਹੋਇਆ ਮਿਲਦਾ ਹੈ:
ਤਥਾ ਹੀ ਸ੍ਰੀ ਮੁਖੁਵਾਕ — ਦੋਹਿਰਾ
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਬ ਸਿੱਖਨ ਨੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।
ਜਬ ਗੁਰੂ ਪਰਗਟ ਭਏ ਪੂਰਨ ਹਰਿ ਅਵਤਾਰ।
ਜਗਮਗ ਜੋਤ ਬਿਰਾਜਹੀ ਸ੍ਰੀ ਗੁਰੁ ਗ੍ਰੰਥ ਮਝਾਰ।
ਜੋ ਦਰਸਿਯੋ ਚਹਿ ਗੁਰੂ ਕੋ ਸੋ ਦਰਸੈ ਗੁਰੁ ਗ੍ਰੰਥ।
ਪਢੈ ਸੁਨੈ ਸਾਰਥ ਲਹੈ ਪਰਮਾਰਥ ਕੌ ਪੰਥ।
ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ।
ਜੋ ਸਰਧਾ ਸੇਵਹੈ ਸੋ ਉਤਰੈ ਭਵ ਪਾਰ।
ਭਾਈ ਪ੍ਰਹਲਾਦ ਸਿੰਘ ਰਚਿਤ ‘ਰਹਿਤਨਾਮਾ’ ਵਿੱਚ ਸਮੇਂ-ਸਮੇਂ ਕਾਫੀ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਇਸ ਕਰਕੇ ਇਹ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਸ ਵੱਲੋਂ ਦਿੱਤੇ ਗਏ ਮੌਲਿਕ ਤੱਥ ਕੀ ਸਨ। ਉਂਜ ਭਾਈ ਪ੍ਰਹਲਾਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਕਿੰਨੀ ਕੁ ਭਰੋਸੇਯੋਗ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗ ਜਾਂਦਾ ਹੈ ਕਿ ਉਸ ਨੇ ‘ਰਹਿਤਨਾਮਾ’ ਲਿਖਣ ਦਾ ਸਾਲ ਹੀ ਗਲਤ ਦਰਜ ਕੀਤਾ ਹੋਇਆ ਹੈ (ਉਹ ‘ਰਹਿਤਨਾਮਾ’ 1695 ਈਸਵੀ ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਹਦਾਇਤ ਤੇ ਲਿਖਿਆ ਵਿਖਾਉਂਦਾ ਹੈ ਜਦੋਂ ਕਿ ਦੱਸਵੇਂ ਗੁਰੂ ਜੀ 1707 ਈਸਵੀ ਤੋਂ ਪਹਿਲਾਂ ਨੰਦੇੜ ਗਏ ਹੀ ਨਹੀਂ)। ਉੱਧਰ ਗਿਆਨੀ ਗਿਆਨ ਸਿੰਘ ਦੀ ਪੁਸਤਕ ‘ਪੰਥ ਪ੍ਰਕਾਸ਼’ ਰਤਨ ਸਿੰਘ ਭੰਗੂ, ਕਵਿ ਨਿਹਾਲ ਸਿੰਘ ਅਤੇ ਕਈ ਹੋਰ ਲਿਖਾਰੀਆਂ ਦੀਆਂ ਰਚਨਾਵਾਂ ਵਿੱਚੋਂ ਵੱਡੇ ਪੱਧਰ ਤੇ ਸਮੱਗਰੀ ਚੋਰੀ ਕਰਕੇ ਤਿਆਰ ਕੀਤੀ ਹੋਈ ਹੈ (ਵੇਖੋ ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ : ਐਂਟਰੀ ‘ਪੰਥ ਪ੍ਰਕਾਸ਼’ ) ਅਤੇ ਇੱਸੇ ਕਾਰਵਾਈ ਦੇ ਹਿੱਸੇ ਵਜੋਂ ਉਸ ਨੇ ਆਪਣੀ ਪੁਸਤਕ ਵਿੱਚ ਭਾਈ ਪ੍ਰਹਲਾਦ ਸਿੰਘ ਦੇ ‘ਰਹਿਤਨਾਮਾ’ ਵਿੱਚ ਸ਼ਾਮਲ ਵਿਖਾਈਆਂ ਜਾਂਦੀਆਂ ਸਤਰਾਂ ਨੂੰ ਫੇਰ-ਬਦਲ ਕਰਕੇ ਪੇਸ਼ ਕਰ ਦਿੱਤਾ ਹੋਇਆ ਹੈ।
ਉਪਰੋਕਤ ਵਿਸਥਾਰ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਭਾਈ ਪ੍ਰਹਲਾਦ ਸਿੰਘ ਜਾਂ ਗਿਆਨੀ ਗਿਆਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨੀ ਜਾ ਸਕਦੀ ਅਤੇ “ਗੁਰੂ ਮਾਨਿਓ ਗ੍ਰੰਥ” ਵਾਲੀ ਸਤਰ ਨੂੰ ਕੇਵਲ ਇਹਨਾਂ ਦੋ ਲਿਖਾਰੀਆਂ ਦੀਆਂ ਲਿਖਤਾਂ ਦੇ ਅਧਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਨਾਲ ਜੋੜ ਦੇਣਾ ਨਾਦਾਨੀ ਹੀ ਹੋਵੇਗੀ। ਉਂਜ ਵੀ “ਗੁਰੂ ਗ੍ਰੰਥ ਜੀ ਮਾਨਓ ਪ੍ਰਗਟ ਗੁਰਾਂ ਕੀ ਦੇਹ” ਦਾ ਭਾਵ ਤਾਂ ਸਿੱਧਾ ਹੀ ਗੁਰਮੱਤ ਦੇ ਵਿਰੋਧ ਵਿੱਚ ਜਾਂਦਾ ਹੈ ਕਿਉਂਕਿ ਇਹ ਸਤਰ ਮੂਰਤੀ-ਪੂਜਾ ਨੂੰ ਸਵੀਕਾਰਨ ਦਾ ਸੁਝਾ ਵੀ ਦਿੰਦੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਨ ਦੇ ਵਿਚਾਰ ਨੂੰ ਵੀ ਕੱਟਦੀ ਹੈ।
ਇਹ ਤੱਥ ਸਰਵਪਰਵਾਣਿਤ ਹੈ ਕਿ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੁਨਿਆਵੀ ਸਫਰ ਦੇ ਅੰਤਲੇ ਸਮੇਂ ਤੇ ਦਖਣੀ ਭਾਰਤ ਦੇ ਮਹਾਰਾਸ਼ਟਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਤੇ ਸਥਿਤ ਨੰਦੇੜ ਦੇ ਅਸਥਾਨ ਤੇ ਠਹਿਰੇ ਹੋਏ ਸਨ। ਇਹ ਵੀ ਸਹੀ ਹੈ ਕਿ ਇਸ ਸਮੇਂ ਉਹਨਾਂ ਦੇ ਮਨ ਵਿੱਚ ਆਪਣੇ ਤੋਂ ਅਗਲੇ ਸਮੇਂ ਦੀ ਵਿਵਸਥਾ ਸਥਾਪਤ ਕਰਨ ਬਾਰੇ ਵਿਚਾਰ ਜ਼ਰੂਰ ਆਇਆ ਹੋਵੇਗਾ (ਇਹ ਸੋਚਣਾ ਤਰਕਸੰਗਤ ਨਹੀਂ ਕਿ ਗੁਰੂ ਜੀ ਨੇ ਕੇਵਲ ਹਾਜ਼ਰ ਸਿੱਖਾਂ ਦੇ ਕਹਿਣ ਤੇ ਹੀ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ ਸੀ)। ਇਸ ਸਥਿਤੀ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਤੋਂ ਪਿੱਛੋਂ ਸਿੱਖਾਂ ਦਾ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਇੱਕ ਨਿਵੇਕਲਾ ਪਰੰਤੂ ਬਹੁਤ ਹੀ ਵਾਜਿਬ ਫੈਸਲਾ ਸੀ। ਇਸ ਸਬੰਧ ਵਿੱਚ ਭਾਈ ਪ੍ਰਹਲਾਦ ਸਿੰਘ ਜਾਂ ਗਿਆਨੀ ਗਿਆਨ ਸਿੰਘ ਦੀਆਂ ਲਿਖਤਾਂ ਤੋਂ ਇਲਾਵਾ ਕੁੱਝ ਹੋਰ ਹਵਾਲੇ ਵੀ ਦਿੱਤੇ ਜਾਂਦੇ ਹਨ ਜਿਵੇਂ ਕਿ ਗੁਰੂ ਜੀ ਦੇ ਸਮਕਾਲੀ ਕਵੀਆਂ ਭਾਈ ਨੰਦ ਲਾਲ (ਰਹਿਤਨਾਮਾ) ਅਤੇ ਕਵਿ ਸੈਨਾਪਤਿ (‘ਗੁਰੁ ਸੋਭਾ’) ਦੀਆਂ ਰਚਨਾਵਾਂ ਵਿੱਚੋਂ ਅਤੇ ਅਤੇ ਭੱਟ ਵਹੀ ਜੀਂਦ ਵਿੱਚੋਂ। ਪਰੰਤੂ ਇਹਨਾਂ ਸਭਨਾਂ ਸਰੋਤਾਂ ਤੋਂ ਪਰਾਪਤ ਹੁੰਦੀ ਜਾਣਕਾਰੀ ਇਕਸਾਰ ਨਹੀਂ।
ਭਾਈ ਨੰਦ ਲਾਲ ਦੇ ਨਾਮ ਹੇਠ ਪਰਚਲਤ ‘ਰਹਿਤਨਾਮਾ’ ਵਿੱਚ ਵਾਰ-ਵਾਰ ਗੁਰਬਾਣੀ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹੋਏ ਗ੍ਰੰਥ ਦੇ ਰੂਪ ਵਿੱਚ ਗੁਰਬਾਣੀ ਨੂੰ ਹੀ ਅਗਲਾ ਗੁਰੂ ਸਥਾਪਤ ਕਰਨ ਦਾ ਯਤਨ ਨਜ਼ਰੀਂ ਪੈਂਦਾ ਹੈ। “ਮੇਰਾ ਰੂਪ ਗ੍ਰੰਥ ਜੀ ਜਾਣ।” ਅਤੇ “ਤੀਸਰਾ ਰੂਪ ਸਿਖ ਹੈ ਮੋਰ॥ਗੁਰਬਾਣੀ ਰਤ ਜਿਹ ਨਿਸ ਭੋਰ॥ “ ਆਦਿਕ ਸਤਰਾਂ ਵਿੱਚ ਵੀ ਗੁਰਬਾਣੀ ਦੀ ਮਹੱਤਤਾ ਨੂੰ ਮੁੱਖ ਰੱਖਿਆ ਗਿਆ ਹੈ। ਇਸ ਸੰਦਰਭ ਵਿੱਚ ਕਵਿ ਸੈਨਾਪਤਿ ਵੱਲੋਂ ‘ਗੁਰੂ ਸੋਭਾ’ (ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, 1967 ਈਸਵੀ) ਵਿੱਚ ਦਿੱਤਾ ਸਬੰਧਿਤ ਬਿਰਤਾਂਤ ਵਿਸ਼ੇਸ਼ ਧਿਆਨ ਮੰਗਦਾ ਹੈ ਜੋ ਹੇਠਾਂ ਦਿੱਤੇ ਅਨੁਸਾਰ ਹੈ:
ਵਾਹਿ ਸਮੈ ਗੁਰ ਬੈਨ ਸੁਨਾਯੋ। ਖਾਲਸ ਅਪਨੋ ਰੂਪ ਬਤਾਯੋ।
“ਖਾਲਸ ਹੀ ਸੋ ਹੈ ਮਮ ਕਾਮਾ। ਬਖਸ ਕਿਯੋ ਖਾਲਸ ਕੋ ਜਾਮਾ।
ਖਾਲਸ ਮੇਰੋ ਰੂਪ ਹੈ, ਹੌ ਖਾਲਸ ਕੇ ਪਾਸ।
ਆਦਿ ਅੰਤ ਹੀ ਹੋਤ ਹੈ, ਖਾਲਸ ਹੀ ਮੈ ਬਾਸ।
ਖਾਲਸ ਬਾਸ ਕਹਾਵੈ ਸੋਈ।
ਜਾ ਕੈ ਹਿਰਦੈ ਭਰਮੁ ਨਾ ਹੋਈ।
ਭਰਮ ਭੇਖ ਤੇ ਰਹੈ ਨਿਆਰਾ।
ਸੋ ਖਾਲਸ ਸਤਿਗੁਰੂ ਹਮਾਰਾ।”
ਸਤਿਗੁਰੂ ਹਮਾਰਾ, ਅਪਰ ਅਪਾਰਾ, ਸਬਦ ਵਿਚਾਰਾ, ਅਜਰ ਜਰੀ।
ਹਿਰਦੇ ਧਰਿ ਧਿਆਨੀ, ਉਚਰੀ ਬਾਨੀ, ਪਦ ਨਿਰਬਾਨੀ, ਅਪਰ ਪਰੀ।
ਉੱਪਰ ਆਈਆਂ ਸਤਰਾਂ ਤੋਂ ਜ਼ਾਹਰਾ ਤੌਰ ਤੇ ਤਾਂ ਇਹ ਭਾਸਦਾ ਹੈ ਕਿ ਗੁਰੂ ਜੀ ਨੇ ਆਪਣਾ ਰੂਪ ‘ਖਾਲਸਾ’ ਨੂੰ ਬਖਸ਼ਿਆ ਸੀ ਪਰੰਤੂ ‘ਗੁਰੂ ਸੋਭਾ’ ਸ਼ਬਦ ‘ਖਾਲਸਾ’ ਦੀ ਦਿੱਤੀ ਗਈ ਵਿਆਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ ਜਿਸ ਰਾਹੀਂ ‘ਖਾਲਸਾ’ ਉਸ ਵਿਅਕਤੀ ਨੂੰ ਦਰਸਾਇਆ ਗਿਆ ਹੈ ਜੋ ਬਾਕੀ ਗੁਣਾਂ ਦੇ ਨਾਲ-ਨਾਲ ਪੂਰਨ ਰੂਪ ਵਿੱਚ ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਵਾਲਾ ਹੋਵੇ। ਅੱਜ ਦੇ ਯੁਗ ਵਿੱਚ ਤਾਂ ਇੱਕ ਵਿਅਕਤੀ ਕੇਵਲ ‘ਅੰਮ੍ਰਿਤ ਛਕਣ’ ਦੀ ਰਸਮ ਪੂਰੀ ਕਰ ਕੇ ਹੀ ਆਪਣੇ ਆਪ ਨੂੰ ‘ਖਾਲਸਾ’ ਅਖਵਾਉਣ ਲੱਗ ਪੈਂਦਾ ਹੈ ਪਰੰਤੂ ਕਵਿ ਸੈਨਾਪਤਿ ਰਚਿਤ ‘ਗੁਰੂ ਸੋਭਾ’ ਵਿੱਚ ਦਿੱਤੇ ਹੋਏ ‘ਖਾਲਸਾ’ ਦੇ ਅਰਥਾਂ ਰਾਹੀਂ ਪੂਰਨ ਰੂਪ ਵਿੱਚ ਗੁਰਬਾਣੀ ਅਧਾਰਿਤ ਜੀਵਨ-ਸ਼ੈਲੀ ਨੂੰ ਦਿੱਤੀ ਜਾ ਰਹੀ ਮਹੱਤਤਾ ਪਰਤੱਖ ਰੂਪ ਵਿੱਚ ਝਲਕਦੀ ਹੈ। ਇਸ ਸਥਿਤੀ ਵਿੱਚ ਨਿਸਚੇ ਹੀ ਦੱਸਵੇਂ ਗੁਰੂ ਜੀ ਗੁਰਬਾਣੀ ਨੂੰ ‘ਖਾਲਸਾ’ ਨਾਲੋਂ ਵੀ ਉੱਪਰ ਦਾ ਦਰਜਾ ਦਿੰਦੇ ਹੋਏ ਨਜ਼ਰ ਆਉਂਦੇ ਹਨ।
ਭੱਟ ਵਹੀ ਜੀਂਦ ਵਿੱਚ ਭੱਟ ਨਰਬੂਦ ਸਿੰਘ ਵੱਲੋਂ ਦਰਜ ਕੀਤੇ ਵੇਰਵੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਵਿੱਚ ਆਪਣੇ ਅੰਤਲੇ ਸਮੇਂ ਤੇ ਗੁਰਗੱਦੀ ਦੇਣ ਦੀ ਰਸਮ ਵੱਜੋਂ ਪਵਿੱਤਰ ਗ੍ਰੰਥ ਦੀ ਬੀੜ ਸਾਹਵੇਂ ਪੰਜ ਪੈਸੇ ਅਤੇ ਨਾਰੀਅਲ ਭੇਂਟ ਕਰ ਕੇ ਮੱਥਾ ਟੇਕਿਆ ਅਤੇ ਬੀੜ ਦੇ ਦੁਆਲੇ ਪਰਿਕਰਮਾ ਕੀਤੀ। ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਵੇਰਵਾ ਪੂਰੀ ਤਰ੍ਹਾਂ ਗੁਰਮੱਤ ਅਨੁਸਾਰ ਨਹੀਂ ਕਿਉਂਕਿ ਗੁਰੂ ਜੀ ਕਦੀ ਵੀ ਪੈਸੇ ਚੜ੍ਹਾਉਣ, ਨਾਰੀਅਲ ਭੇਂਟ ਕਰਨ ਅਤੇ ਪਰਿਕਰਮਾ ਕਰਨ ਜਿਹੇ ਕਰਮ-ਕਾਂਡ ਨਹੀਂ ਕਰਨ ਲੱਗੇ ਸਨ। ਭੱਟ ਵਹੀਆਂ ਦੀ ਆਮ ਸਮੱਸਿਆ ਇਹ ਰਹੀ ਹੈ ਕਿ ਇਹਨਾਂ ਵਿੱਚ ਹਰ ਵੇਰਵੇ ਦੀ ਐਂਟਰੀ ਘਟਨਾ ਤੋਂ ਬਹੁਤ ਸਮਾਂ ਪਛੜ ਕੇ ਕੀਤੀ ਜਾਂਦੀ ਸੀ ਅਤੇ ਉਦੋਂ ਤਕ ਸਬਂਧਤ ਵੇਰਵੇ ਵਿੱਚ ਕਾਫੀ ਤਬਦੀਲੀ ਵਾਪਰ ਜਾਂਦੀ ਸੀ। ਨਾਲ ਹੀ ਭੱਟ ਬਹੁਤੀ ਵਾਰੀ ਵੇਰਵੇ ਨੂੰ ਬ੍ਰਾਹਮਣਵਾਦੀ ਰੰਗਤ ਵੀ ਜ਼ਰੂਰ ਦੇ ਦਿਆ ਕਰਦੇ ਸਨ। ਅਸੀਂ ਵੇਖ ਆਏ ਹਾਂ ਕਿ ਕਵਿ ਸੈਨਾਪਤਿ ਵੱਲੋਂ ਗੁਰੂ ਜੀ ਵੱਲੋਂ ਕਿਸੇ ਅਜਿਹੀਆਂ ਰਸਮਾ ਨਿਭਾਉਣ ਦੀ ਗੱਲ ਨਹੀਂ ਕਹੀ ਗਈ ਜਦੋਂ ਕਿ ਉਸ ਵੱਲੋਂ ਦਿੱਤੀ ਜਾਣਕਾਰੀ ਹੀ ਸਭ ਤੋਂ ਵਧੇਰੇ ਭਰੋਸੇਯੋਗ ਮੰਨੀ ਜਾਂਦੀ ਹੈ।
ਇਸ ਤਰਾਂ ਇਹ ਪੱਕੇ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਆਪਣੇ ਅੰਤਲੇ ਸਮੇਂ ਤੇ ਗੁਰੂ ਜੀ ਵੱਲੋਂ ਉਚਾਰੇ ਹੋਏ ਹੂਬਹੂ ਸ਼ਬਦ ਕੀ ਸਨ। ਪਰੰਤੂ ਵੱਖ-ਵੱਖ ਸਰੋਤਾਂ ਦੇ ਅਧਿਐਨ ਤੋਂ ਬਾਦ ਜੋ ਸਿੱਟੇ ਪਰਤੱਖ ਰੂਪ ਵਿੱਚ ਸਾਹਮਣੇ ਆਉਂਦੇ ਹਨ ਉਹ ਹੇਠਾਂ ਦਿੱਤੇ ਅਨੁਸਾਰ ਹਨ:
1. ਗੁਰੂ ਜੀ ਨੇ ਸਿੱਖਾਂ ਲਈ ਆਪਣੇ ਤੋਂ ਅਗਲੇ ਸਮੇਂ ਲਈ ਦੇਹਧਾਰੀ ਗੁਰੂ ਦੀ ਪ੍ਰਥਾ ਸਮਾਪਤ ਕਰ ਦਿੱਤੀ ਸੀ।
2. ਗੁਰੂ ਜੀ ਨੇ ਸਿੱਖਾਂ ਲਈ ਸ਼ਬਦ ਭਾਵ ਗੁਰਬਾਣੀ ਨੂੰ ਅਗਲਾ ਅਤੇ ਸਦੀਵੀ ਗੁਰੂ ਸਥਾਪਤ ਕੀਤਾ ਸੀ।
3. ਗੁਰੂ ਜੀ ਨੇ ‘ਖਾਲਸਾ’ ਨੂੰ ਆਪਣੇ ਰੂਪ ਵਜੋਂ ਕਿਆਸਿਆ ਸੀ ਪਰੰਤੂ ਗੁਰੂ ਜੀ ਕੇਵਲ ਉਸ ਵਿਅਕਤੀ ਨੂੰ ਹੀ ‘ਖਾਲਸਾ’ ਮੰਨਦੇ ਸਨ ਜੋ ਪੂਰਨ ਰੂਪ ਵਿੱਚ ਗੁਰਬਾਣੀ ਦੇ ਫਲਸਫੇ ਅਤੇ ਉਪਦੇਸ਼ ਅਨੁਸਾਰ ਵਿਚਰ ਰਿਹਾ ਹੋਵੇ।
ਇੱਥੇ ਆ ਕੇ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਦੱਸਵੇਂ ਗੁਰੂ ਜੀ ਦਾ ‘ਸ਼ਬਦ’ ਭਾਵ ਗੁਰਬਾਣੀ ਨੂੰ ਗੁਰੂ ਥਾਪਣ ਦਾ ਵਿਚਾਰ ਪੂਰੀ ਤਰ੍ਹਾਂ ਗੁਰਬਾਣੀ ਦੀ ਸਿੱਖਿਆ ਉੱਤੇ ਹੀ ਅਧਾਰਿਤ ਹੈ। ਇਸ ਸਬੰਧੀ ਗੁਰੂ ਨਾਨਕ ਜੀ ਦਾ ਉਚਾਰਿਆ ਹੋਇਆ ਵਾਕ ਇਸ ਤਰ੍ਹਾਂ ਦਰਜ ਹੈ:
ਸ਼ਬਦ ਗੁਰੂ ਸੁਰਤ ਧੁਨਿ ਚੇਲਾ। (ਪਵਿੱਤਰ ਗ੍ਰੰਥ: ਪੰਨਾਂ 943)
ਇਸ ਦੇ ਨਾਲ ਹੀ ਗੁਰਬਾਣੀ ਵਿੱਚ ਗੁਰੂ ਰਾਮਦਾਸ ਜੀ ਦਾ ਹੇਠਾਂ ਦਿੱਤਾ ਆਦੇਸ਼ ਵੀ ਸ਼ਾਮਲ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪਵਿੱਤਰ ਗ੍ਰੰਥ: ਪੰਨਾਂ 982)
ਪਰੰਤੂ ਗੁਰਬਾਣੀ ਨੂੰ ਗੁਰੂ ਕਿਆਸਣ ਵੇਲੇ ਇਤਨਾ ਕਹਿ ਦੇਣਾ ਕਾਫੀ ਨਹੀਂ ਕਿ ਗੁਰਬਾਣੀ ਦਾ ‘ਗਿਆਨ’ ਹੀ ਗੁਰੂ ਹੈ। ਜ਼ਰਾ ਡੂੰਘੇਰਾ ਸੋਚਣ ਤੇ ਅਸੀਂ ਵੇਖਾਂਗੇ ਕਿ ਗੁਰਬਾਣੀ ਛੇ ਗੁਰੂ ਸਾਹਿਬਾਨ ਅਤੇ 30 ਸੰਤਾਂ ਭਗਤਾਂ ਦੀ ਕਾਵਿ-ਮਈ ਰਚਨਾ ਦਾ ਇੱਕ ਅਦੁੱਤੀ ਸੰਕਲਨ ਹੈ ਜਿਸ ਦਾ ਸਮੁੱਚੇ ਤੌਰ ਤੇ ਇੱਕ ਵਿਉਂਤਬੱਧ (systematic) ਫਲਸਫਾ ਹੈ ਜੋ ਸਿਖ ਪੈਰੋਕਾਰਾਂ ਸਾਹਮਣੇ ਵਿਸ਼ੇਸ਼ ਸੰਦੇਸ਼/ਉਪਦੇਸ਼ ਪੇਸ਼ ਕਰਦਾ ਹੈ। ਇਹ ਉਹ ਵਿਵਹਾਰਕ ਫਲਸਫਾ ਹੈ ਜਿਸ ਨੂੰ ਅਮਲ ਵਿੱਚ ਲਿਆਉਂਦੇ ਹੋਏ ਸਿਖ ਪੈਰੋਕਾਰਾਂ ਨੇ ਆਪੋ-ਆਪਣੇ ਜੀਵਨ ਨੂੰ ਆਦਰਸ਼ਕ ਬਣਾਉਣਾ ਹੁੰਦਾ ਹੈ। ਇਸ ਲਈ ਗੁਰਬਾਣੀ ਨੂੰ ਵਿਸ਼ੇਸ਼ ਦਰਜਾ ਦੇਣ ਦਾ ਅਰਥ ਬਣਦਾ ਹੈ ਅਸਲ ਵਿੱਚ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਮਹੱਤਤਾ ਦੇਣੀ। ਸੋ ਸਪਸ਼ਟ ਹੈ ਕਿ ਦੱਸਵੇਂ ਗੁਰੂ ਜੀ ਨੇ ਗੁਰੂ ਨਾਨਕ ਜੀ ਦੀ ਧਾਰਨਾ ਅਤੇ ਗੁਰਬਾਣੀ ਦੇ ਆਦੇਸ਼ ਅਨੁਸਾਰ ਹੀ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਸਿੱਖਾਂ ਦੇ ਅਗਲੇ ਅਤੇ ਸਦੀਵੀ ਗੁਰੂ ਦੀ ਪਦਵੀ ਪਰਦਾਨ ਕੀਤੀ ਸੀ।
ਅਸੀਂ ਆਮ ਹੀ ਵੇਖਦੇ ਹਾਂ ਕਿ ਸਿੱਖੀ ਦੇ ਸੰਦਰਭ ਵਿੱਚ ‘ਗ੍ਰੰਥ’ ਦੇ ਨਾਲ ‘ਗੁਰੂ’ ਸ਼ਬਦ ਜੋੜਨ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਇਸ ਸਬੰਧ ਵਿੱਚ ਸਾਨੂੰ ਵੇਖਣਾ ਪਵੇਗਾ ਕਿ ‘ਗੁਰੂ ਗ੍ਰੰਥ’ ਸ਼ਬਦ-ਜੁੱਟ ਕਿਵੇਂ ਹੋਂਦ ਵਿੱਚ ਆਇਆ। ਇਹ ਸਭ ਨੂੰ ਪਤਾ ਹੀ ਹੈ ਕਿ ਗੁਰੂ ਅਰਜਨ ਜੀ ਨੇ ਸਿਖ ਮੱਤ ਦਾ ਜੋ ਪਵਿੱਤਰ ਗ੍ਰੰਥ 1604 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਤਿਆਰ ਕੀਤਾ ਉਸ ਨੂੰ ‘ਪੋਥੀ’ ਕਿਹਾ ਗਿਆ ਸੀ। ਅੱਗੇ ਜਾ ਕੇ ‘ਪੋਥੀ’ ਨੂੰ ‘ਗ੍ਰਿੰਥ’, ‘ਗ੍ਰੰਥ’ ਜਾਂ ‘ਆਦਿ ਗ੍ਰੰਥ’ ਕਿਹਾ ਜਾਣ ਲੱਗਾ। ਜੇਕਰ ਵਿਉਤਪੱਤੀ (etymology) ਦੇ ਪੱਖੋਂ ਵਾਚਣਾ ਹੋਵੇ ਤਾਂ ਅਸੀਂ ਵੇਖਾਂਗੇ ਕਿ ਸ਼ਬਦ ‘ਗ੍ਰੰਥ’ ਦਾ ਮੂਲ ਅਰਥ ਹੈ ‘ਗੰਢਿਆ ਹੋਇਆ’, ‘ਗੱਠਿਆ ਹੋਇਆ’ ਜਾਂ ‘ਗੁੰਦਿਆ ਹੋਇਆ’ ਭਾਵ ਉਹ ਅਕਾਰ ਜੋ ਵੱਖ-ਵੱਖ ਅੰਸ਼ਾਂ ਨੂੰ ਜੋੜ ਕੇ ਤਿਆਰ ਕੀਤਾ ਗਿਆ ਹੋਵੇ। ਲਿਖਣ-ਕਾਰਜ ਦੇ ਖੇਤਰ ਵਿੱਚ ਵਰਤੇ ਗਏ ਸ਼ਬਦ ‘ਗ੍ਰੰਥ’ ਦਾ ਅਰਥ ਹੈ ਲਿਖਤ ਵਾਲੇ ਪੱਤਰਿਆਂ ਨੂੰ ਤਰਤੀਬ ਅਨੁਸਾਰ ਆਪਸ ਵਿੱਚ ਗੰਢ ਕੇ (ਜੋੜ ਕੇ) ਤਿਆਰ ਕੀਤਾ ਗਿਆ ਪੁਸਤਕ ਰੂਪ। ਅਸੀਂ ਉੱਪਰ ਵੇਖ ਆਏ ਹਾਂ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਦੀ ਸ਼ਬਦ-ਜੁੱਟ ‘ਗੁਰੂ ਗ੍ਰੰਥ’ ਦੀ ਵਰਤੋਂ ਨਹੀਂ ਕੀਤੀ, ਨਾ ਹੀ ਸਿਖ ਮੱਤ ਦੇ ਪਵਿੱਤਰ ਗ੍ਰੰਥ ਨੂੰ ‘ਗੁਰੂ ਗ੍ਰੰਥ’ ਕਹਿਣ ਦਾ ਕੋਈ ਸਪਸ਼ਟ ਆਦੇਸ਼ ਉਪਲਭਦ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਖ ਸ਼ਰਧਾਲੂਆਂ ਵੱਲੋਂ ਕੇਵਲ ਦੋ ਕੁ ਲਿਖਤਾਂ ਦੇ ਅਧਾਰ ਤੇ ਹੀ ਸਤਰ “ਗੁਰੂ ਮਾਨਿਓਂ ਗ੍ਰੰਥ” ਦੱਸਵੇਂ ਗੁਰੂ ਜੀ ਦੇ ਨਾਮ ਤੇ ਪਰਚਲਤ ਕਰ ਦਿੱਤੀ ਗਈ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਗ੍ਰੰਥ’ ਭਾਵ ਗੁਰਬਾਣੀ ਨੂੰ ‘ਗੁਰੂ’ ਦਾ ਦਰਜਾ ਜ਼ਰੂਰ ਦਿੱਤਾ ਸੀ ਪਰੰਤੂ ਗੁਰਬਾਣੀ ਦੇ ਗ੍ਰੰਥ ਦਾ ਕੋਈ ਵਿਸ਼ੇਸ਼ ਨਾਮ ਨਹੀਂ ਰੱਖਿਆ ਸੀ। ਨਾ ਹੀ ਬਾਦ ਵਿੱਚ ਕਿਸੇ ਅਧਿਕਾਰਤ ਧਿਰ ਵੱਲੋਂ ਸ਼ਬਦ-ਜੁੱਟ ‘ਗੁਰੂ ਗ੍ਰੰਥ’ ਨੂੰ ਗੁਰਬਾਣੀ ਸੰਕਲਨ ਦੇ ਸਿਰਲੇਖ (title) ਦੇ ਤੌਰ ਤੇ ਨੀਯਤ ਕੀਤਾ ਗਿਆ ਹੈ। ਵਿਆਕਰਨ ਪੱਖੋਂ ਵੇਖੀਏ ਤਾਂ ਇੱਥੇ ਵਰਤਿਆ ਗਿਆ ਸ਼ਬਦ ‘ਗ੍ਰੰਥ’ ਇੱਕ ਜਾਤੀਵਾਚਕ ਨਾਂਵ (common noun) ਹੈ, ਵਿਅਕਤੀਵਾਚਕ ਨਾਂਵ (proper noun) ਨਹੀਂ।
ਉੱਪਰ ਆਈ ਸਾਰੀ ਵਿਚਾਰ-ਚਰਚਾ ਵਿੱਚੋਂ ਇਹ ਸਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਨੂੰ ਸਿੱਖਾਂ ਦਾ ਸਦੀਵੀ ਗੁਰੂ ਮੰਨਣ ਦੀ ਹਦਾਇਤ ਜ਼ਰੂਰ ਕੀਤੀ ਸੀ ਅਤੇ ਇਸ ਹਦਾਇਤ ਅੱਗੇ ਸਿਰ ਝੁਕਾਉਣਾ ਹਰ ਇੱਕ ਸਿਖ ਦਾ ਪਵਿੱਤਰ ਫਰਜ਼ ਬਣ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸ਼ਬਦ-ਜੁੱਟ ‘ਗੁਰੂ ਗ੍ਰੰਥ’ ਦਾ ਪਰਯੋਗ ਇਸ ਢੰਗ ਨਾਲ ਕੀਤਾ ਜਾਵੇ ਕਿ ਇਸ ਨਾਲ
1. ਪਵਿੱਤਰ ਗ੍ਰੰਥ ਨੂੰ ਇੱਕ ‘ਦੇਹ’ ਸਮਝਣ ਦਾ ਪਰਭਾਵ ਨਾ ਬਣੇ।
2. ਪਵਿੱਤਰ ਗ੍ਰੰਥ ਦੀ ਇੱਕ ਮੂਰਤੀ ਦੇ ਰੂਪ ਵਿੱਚ ਪੂਜਾ ਨਾ ਹੋਣ ਲੱਗ ਪਵੇ।
3. ਆਪਣੇ-ਆਪ ਨੂੰ ਸਿਖ ਅਖਵਾਉਣ ਵਾਲਾ ਹਰ ਵਿਅਕਤੀ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਆਪਣੇ ਆਪ ਉੱਤੇ ਪੂਰਨ ਰੂਪ ਵਿੱਚ ਲਾਗੂ ਕਰਦੇ ਹੋਏ ਜੀਵਨ ਬਤੀਤ ਕਰੇ।
ਇਸ ਸਥਿਤੀ ਵਿੱਚ ਤਰਕਸੰਗਤ ਇਹ ਹੀ ਰਹੇਗਾ ਕਿ ਸਿਖ ਮੱਤ ਦੇ ਪਵਿੱਤਰ ਗ੍ਰੰਥ ਦੇ ਦੋ ਰੂਪ ਸਵੀਕਾਰੇ ਜਾਣ: ਇਕ, ਇਸ ਦਾ ਪੁਸਤਕ ਰੂਪ ਜਿਸ ਰਾਹੀਂ ਇਸ ਵਿਚਲੇ ਪਾਠ (ਫਲਸਫਾਈ ਰਚਨਾ) ਦੇ ਸਹੀ ਅਰਥ ਆਪਣੇ-ਆਪ ਨੂੰ ਸਿਖ ਅਖਵਾਉਣ ਵਾਲੇ ਵਿਅਕਤੀਆਂ ਨੂੰ ਅਤੇ ਵਿਸ਼ਵ ਭਰ ਦੇ ਗੈਰ-ਸਿੱਖ ਭਾਈਚਾਰੇ ਨੂੰ ਸਮਝਾਏ ਜਾ ਸਕਣ ਅਤੇ ਦੂਸਰਾ, ‘ਗੁਰੂ’ ਰੂਪ ਜਿਸ ਰਾਹੀਂ ਸਿਖ ਸ਼ਰਧਾਲੂ ਗੁਰਬਾਣੀ ਦੇ ਸੰਦੇਸ਼/ਉਪਦੇਸ਼ ਨੂੰ ਆਪਣੇ ਜੀਵਨ ਉੱਤੇ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਪਾਬੰਦ ਹੋਣ। ਪਵਿੱਤਰ ਗ੍ਰੰਥ ਦੇ ਸਾਹਵੇਂ ਕੇਵਲ ਮੱਥਾ ਟੇਕਣ, ਉਸ ਦੇ ਦੁਆਲੇ ਧੂਫ-ਬੱਤੀ ਕਰਨ, ਉਸ ਵਿੱਚੋਂ ਮੰਤਰ–ਜਾਪ ਵਾਂਗ ਪਾਠ ਕਰਨ, ਉਸ ਅੱਗੇ ਮੰਨਤਾਂ ਮੰਨਣ ਜਾਂ ਉਸ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖਣ ਨਾਲ ਹੀ ਉਹ ‘ਗੁਰੂ ਗ੍ਰੰਥ’ ਨਹੀਂ ਬਣ ਜਾਂਦਾ। ਦੂਸਰੇ ਪਾਸੇ ਗੁਰਬਾਣੀ ਵੀ ਤਾਂ ਹੀ ਗੁਰੂ ਹੈ ਜੇਕਰ ਸਿਖ ਸ਼ਰਧਾਲੂ ਉਸ ਦੇ ਸੰਦੇਸ਼/ਉਪਦੇਸ਼ ਨੂੰ ਪੂਰਨ ਰੂਪ ਵਿੱਚ ਆਪੋ-ਆਪਣੇ ਜੀਵਨ ਤੇ ਲਾਗੂ ਕਰ ਕੇ ਵਿਖਾਉਣ।
ਇੱਥੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਕੀ ਗੁਰਬਾਣੀ ਨੂੰ ਸਿੱਖਾਂ ਦਾ ਗਿਆਰ੍ਹਵਾਂ ਗੁਰੂ ਕਹਿਣਾ ਚਾਹੀਦਾ ਹੈ ਕਿਉਂਕਿ ਗਰੂ ਗੋਬਿੰਦ ਸਿੰਘ ਤਾਂ ਸਿੱਖਾਂ ਦੇ ਦੱਸਵੇਂ ਗੁਰੂ ਸਨ ਅਤੇ ਉਹਨਾਂ ਨੇ ਗੁਰਬਾਣੀ ਨੂੰ ਆਪਣੇ ਤੋਂ ਅਗਲਾ ਗੁਰੂ ਘੋਸ਼ਿਤ ਕੀਤਾ ਸੀ। ਕਈ ਸੱਜਣ ‘ਗਿਆਰ੍ਹਵਾਂ ਗੁਰੂ’ ਵਾਲੀ ਇਸ ਧਾਰਨਾ ਦਾ ਵਿਰੋਧ ਇਸ ਦਲੀਲ ਰਾਹੀਂ ਕਰਦੇ ਹਨ ਕਿ ਗੁਰਬਾਣੀ (ਸ਼ਬਦ) ਨੂੰ ਤਾਂ “ਸ਼ਬਦ ਗੁਰੂ ਸੁਰਤ ਧੁਨਿ ਚੇਲਾ” ਦੇ ਆਦੇਸ਼ ਰਾਹੀਂ ਪਹਿਲਾਂ ਤੋਂ ਹੀ ‘ਗੁਰੂ’ ਮੰਨਿਆਂ ਜਾ ਚੁੱਕਾ ਹੋਇਆ ਹੈ। ਪਰੰਤੂ ਕੀ ਇਸ ਸਥਿਤੀ ਵਿੱਚ ਅਸੀਂ ਇਹ ਨਹੀਂ ਕਹਿ ਰਹੇ ਹੋਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਨੂੰ ‘ਗੁਰਗੱਦੀ’ ਪਰਦਾਨ ਨਹੀਂ ਕੀਤੀ ਸੀ? ਇਸ ਲਈ ਤਰਕਸੰਗਤ ਧਾਰਨਾ ਇਹੀ ਬਣਦੀ ਹੈ ਕਿ ਦੱਸਵੇਂ ਗੁਰੂ ਜੀ ਨੇ ਵਿਧੀਵਤ ਢੰਗ ਨਾਲ ਆਪਣੇ ਤੋਂ ਅਗਲੇ ਗੁਰੂ ਭਾਵ ਗਿਆਰ੍ਹਵੇਂ ਅਤੇ ਸਦੀਵੀ ਗੁਰੂ ਦਾ ਸਥਾਨ ਗੁਰਬਾਣੀ ਨੂੰ ਪਰਦਾਨ ਕੀਤਾ ਸੀ।
ਇੱਥੇ ਪਵਿੱਤਰ ਗ੍ਰੰਥ ਨਾਲ ਸਬੰਧਤ ਕੁੱਝ ਸਵਾਲਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਹ ਸਵਾਲ ਹੇਠਾਂ ਦਿੱਤੇ ਜਾ ਰਹੇ ਹਨ ਅਤੇ ਹਰੇਕ ਸਵਾਲ ਦੇ ਨਾਲ ਹੀ ਸੰਖੇਪ ਵਿੱਚ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ।
01. ਕੀ ਸਿਖ ਮੱਤ ਦੇ ਪਵਿੱਤਰ ਗ੍ਰੰਥ ਦੀ ਗੱਲ ਕਰਦਿਆਂ ‘ਗੁਰੂ’ ਸ਼ਬਦ ਦੀ ਵਰਤੋਂ ਨਾ ਕਰਨਾ ਕੋਈ ਕੁਤਾਹੀ ਹੈ?
ਨਹੀਂ, ਜੇਕਰ ਗੁਰੂ ਨਾਨਕ ਜੀ ਨੂੰ ‘ਗੁਰੂ’ ਦੀ ਜਗਹ ਤੇ ‘ਬਾਬਾ’ ਕਹਿਣਾ ਕੋਈ ਕੁਤਾਹੀ ਨਹੀਂ ਤਾਂ ‘ਗ੍ਰੰਥ’ ਦੇ ਨਾਲ ਵੀ ‘ਗੁਰੁ’ ਦੀ ਜਗਹ ਤੇ ਕੋਈ ਹੋਰ ਆਦਰ ਭਰਿਆ ਸ਼ਬਦ ਵਰਤਿਆ ਜਾ ਸਕਦਾ ਹੈ। ਇਹ ਸੋਚਣਾ ਤਰਕਸੰਗਤ ਨਹੀਂ ਕਿ ਕਿਸੇ ਸਥਿਤੀ ਵਿੱਚ ‘ਗ੍ਰੰਥ’ ਨਾਲ ‘ਗੁਰੂ’ ਸ਼ਬਦ ਨਾ ਲਗਾਏ ਜਾਣ ਨਾਲ ਗੁਰਬਾਣੀ ਦਾ ਨਿਰਾਦਰ ਹੋ ਜਾਂਦਾ ਹੈ ਅਤੇ ਹਰ ਉਹ ਵਿਅਕਤੀ ਜੋ ‘ਗ੍ਰੰਥ’ ਨਾਲ ‘ਗੁਰੂ’ ਸ਼ਬਦ ਲਗਾਉਂਦਾ ਹੈ ਉਹ ਗੁਰਬਾਣੀ ਦਾ ਆਦਰ ਵੀ ਕਰਦਾ ਹੈ (ਕਿਉਂਕਿ ਗੁਰਬਾਣੀ ਦਾ ਆਦਰ ਕਰਨ ਦਾ ਅਰਥ ਹੈ ਗੁਰਬਾਣੀ ਦੇ ਉਪਦੇਸ਼ ਨੂੰ ਪੂਰਨ ਰੂਪ ਵਿੱਚ ਆਪਣੇ ਜੀਵਨ ਤੇ ਲਾਗੂ ਕਰਨਾ)।
02. ਕੀ ਕਰਤਾਰਪੁਰ ਵਾਲੀ ਬੀੜ ਦੀ ਅਸਲੀਅਤ ਸਾਹਮਣੇ ਲਿਆਉਣ ਨਾਲ ਗੁਰਬਾਣੀ ਦਾ ਨਿਰਾਦਰ ਹੁੰਦਾ ਹੈ?
ਨਹੀਂ, ਕਰਤਾਰਪੁਰ ਵਾਲੀ ਬੀੜ ਕਰਤਾਰਪੁਰ ਦੇ ਸੋਢੀ ਪਰਿਵਾਰ ਨੇ ਇੱਕ ਸਵਾਰਥ ਅਤੇ ਜਾਅਲਸਾਜ਼ੀ ਦੀ ਕਾਰਵਾਈ ਰਾਹੀਂ ਤਿਆਰ ਕਰਵਾਈ ਸੀ ਅਤੇ ਇਸ ਰਾਹੀਂ ਸਦੀਆਂ ਤੋਂ ਲੈ ਕੇ ਸਿਖ ਭਾਈਚਾਰੇ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਕੋਝੀ ਕਾਰਵਾਈ ਨੂੰ ਨੰਗਿਆਂ ਕਰਨ ਨਾਲ ਗੁਰਬਾਣੀ ਦਾ ਆਦਰ ਹੁੰਦਾ ਹੈ ਨਾ ਕਿ ਨਿਰਾਦਰ।
03. ਕੀ ਕਰਤਾਰਪੁਰ ਵਾਲੀ ਬੀੜ ਨੂੰ ‘ਨਕਲੀ’ ਕਹਿਣ ਨਾਲ ਅਸੀਂ ‘ਗੁਰੂ ਗ੍ਰੰਥ’ ਨੂੰ ਨਕਲੀ ਕਹਿ ਰਹੇ ਹੋਵਾਂਗੇ?
ਨਹੀਂ, ਜੇਕਰ ਕੋਈ ਧਿਰ ਸਵਾਰਥ ਹਿਤ ਜਾਅਲਸਾਜ਼ੀ ਰਾਹੀਂ ਕੋਈ ਬੀੜ ਤਿਆਰ ਕਰਕੇ ਉਸ ਨੂੰ ‘ਆਦਿ ਗ੍ਰੰਥ’ ਦੇ ਤੌਰ ਤੇ ਪਰਚਾਰਦੀ ਹੈ ਤਾਂ ਉਸ ਨੂੰ ‘ਨਕਲੀ’ ਕਹਿਣਾ ਹੀ ਪਵੇਗਾ। ਪਰੰਤੂ ‘ਗੁਰੂ ਗ੍ਰੰਥ’ ਨੂੰ ਕਿਆਸਣ ਵੇਲੇ ਅਸੀਂ ਸਮੁੱਚੀ ਗੁਰਬਾਣੀ ਨੂੰ ਕਿਆਸਦੇ ਹਾਂ ਜੋ ਜੁਗੋ-ਜੁਗ ਅਟੱਲ ਹੈ ਅਤੇ ਕਦੀ ਨਕਲੀ ਨਹੀਂ ਹੋ ਸਕਦੀ।
04. ਕੀ ਮੌਜੂਦਾ ਪਰਚਲਤ ਬੀੜ ਦੇ ਪਾਠ (text) ਵਿਚਲੀਆਂ ਉਕਾਈਆਂ ਨੂੰ ਦੂਰ ਕਰਨ ਦਾ ਸੁਝਾ ਦੇਣਾ ਕੁਤਾਹੀ ਹੈ?
ਨਹੀਂ, ਮੌਜੂਦਾ ਪਰਚਲਤ ਬੀੜ ਉਨ੍ਹੀਵੀਂ ਸਦੀ ਈਸਵੀ ਦੇ ਲਿਖਾਰੀਆਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਮੌਲਿਕ ਆਦਿ ਗ੍ਰੰਥ ਅਤੇ ਦਮਦਮੀ ਬੀੜ ਦੀ ਗੈਰਮੌਜੂਦਗੀ ਵਿੱਚ ਪੁਰਾਤਨ ਹੱਥ-ਲਿਖਤ ਬੀੜਾਂ, ਪੋਥੀਆਂ ਅਤੇ ਗੁਟਕਿਆਂ ਵਿੱਚੋਂ ਮਿਲੀ ਸਮੱਗਰੀ ਦੇ ਅਧਾਰ ਤੇ ਤਿਆਰ ਕੀਤੀ ਸੀ। ਇਸ ਲਈ ਇਸ ਦੇ ਪਾਠ (text) ਵਿੱਚ ਕੁੱਝ ਉਕਾਈਆਂ ਰਹਿ ਗਈਆਂ ਸਨ। ਵਿਸ਼ੇ ਦੇ ਮਾਹਿਰਾਂ ਰਾਹੀਂ ਇਹਨਾਂ ਉਕਾਈਆਂ ਨੂੰ ਦੂਰ ਕਰਵਾ ਲੈਣ ਵਿੱਚ ਕੋਈ ਹਰਜ਼ ਨਹੀਂ।
05. ਕੀ ਪਰਚਲਤ ਬੀੜ ਦੇ ਸਰੂਪ ਨੂੰ ‘ਧਾਰਮਿਕ ਪੁਸਤਕ’ ਕਹਿਣਾ ਕੁਤਾਹੀ ਹੈ?
ਨਹੀਂ, ਜੇਕਰ ਅਸੀਂ ਸਿੱਖੀ ਨੂੰ ਇੱਕ ਧਰਮ ਦੇ ਤੌਰ ਤੇ ਪੇਸ਼ ਕਰਨਾ ਹੈ ਤਾਂ ਸਾਨੂੰ ਸੰਸਾਰ ਦੇ ਬਾਕੀ ਧਰਮਾਂ ਵਾਗ ਆਪਣੀ ਧਾਰਮਿਕ ਪੁਸਤਕ ਵੀ ਪੇਸ਼ ਕਰਨੀ ਪਵੇਗੀ। ਅਸੀਂ ਬੇਸ਼ਕ ਪਵਿੱਤਰ ਗ੍ਰੰਥ ਨੂੰ ‘ਗੁਰੂ ਗ੍ਰੰਥ’ ਕਹਿੰਦੇ ਰਹੀਏ, ਸੰਸਾਰ ਦੇ ਬਾਕੀ ਲੋਕ ਇਸ ਨੂੰ ‘ਪੁਸਤਕ’ ਦੇ ਤੌਰ ਤੇ ਹੀ ਲੈਣਗੇ। ਇਸ ਸੱਚ ਨੂੰ ਸਵੀਕਾਰ ਕਰ ਲੈਣ ਵਿੱਚ ਕੋਈ ਹਰਜ਼ ਨਹੀਂ। ਕਿਸੇ ਸੀਡੀ (CD), ਪੈੱਨ-ਡਰਾਈਵ ਜਾਂ ਕੰਪਿਊਟਰ ਵਿੱਚ ਸੇਵ (save) ਕੀਤੀ ਹੋਈ ਗੁਰਬਾਣੀ ਨੂੰ ਵੀ ਪੁਸਤਕ ਰੂਪ ਵਜੋਂ ਹੀ ਲੈਣਾ ਚਾਹੀਦਾ ਹੈ।
06. ਕੀ ਇਹ ਕਹਿਣਾ ਕਿ ਆਦਿ ਗ੍ਰੰਥ ਦੀ ਬੀੜ ਅਤੇ ਮੌਲਿਕ ਦਮਦਮੀ ਬੀੜ ਨਸ਼ਟ ਹੋ ਗਈਆਂ ਸਨ, ਕੁਤਾਹੀ ਹੈ?
ਨਹੀਂ, ਜੋ ਸਚਾਈ ਹੈ ਉਸ ਨੂੰ ਸਵੀਕਾਰ ਕਰ ਲੈਣ ਵਿੱਚ ਕੀ ਹਰਜ਼ ਹੈ? ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੋਵ੍ਹਾਂ ਬੀੜਾਂ ਦੀ ਗੈਰਮੌਜੂਦਗੀ ਵਿੱਚ ਪਵਿੱਤਰ ਗ੍ਰੰਥ ਦੀ ਪਰਚਲਤ ਬੀੜ ਕਿਵੇਂ ਹੋਂਦ ਵਿੱਚ ਆਈ ਸੀ।
07. ਕੀ ਪਵਿੱਤਰ ਗ੍ਰੰਥ ਦੇ ਅੱਗੇ ਮੱਥਾ ਟੇਕਣਾ ਅਤੇ ਮਾਇਆ ਭੇਂਟ ਕਰਨੀ ਜਾਇਜ਼ ਹੈ?
ਪਵਿੱਤਰ ਗ੍ਰੰਥ ਵਿਚਲੀ ਗੁਰਬਾਣੀ ਨੂੰ ਗੁਰੂ ਕਿਆਸਦੇ ਹੋਏ ਸ਼ਰਧਾ ਵਜੋਂ ਇਸ ਦੇ ਅੱਗੇ ਮੱਥਾ ਟੇਕਣਾ ਜਾਇਜ਼ ਹੈ ਵਿਸ਼ੇਸ਼ ਕਰਕੇ ਜਦੋਂ ਇਸ ਦੇ ਵਿੱਚੋਂ ਪਾਠ ਹੋ ਰਿਹਾ ਹੋਵੇ ਜਾਂ ਨੇੜੇ ਹੀ ਗੁਰਬਾਣੀ ਕੀਰਤਨ ਹੋ ਰਿਹਾ ਹੋਵੇ। ਪਰੰਤੂ ਪਵਿੱਤਰ ਗ੍ਰੰਥ ਦੇ ਅੱਗੇ ਮਾਇਆ ਭੇਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਪੈਸੇ ਮੂਰਤੀਆਂ ਅੱਗੇ ਚੜ੍ਹਾਏ ਜਾਂਦੇ ਹਨ। ਲਾਇਬਰੇਰੀਆਂ, ਪੁਸਤਕਾਂ ਦੀਆਂ ਦੁਕਾਨਾਂ ਜਾਂ ਅਜਿਹੀਆਂ ਹੋਰਨਾਂ ਥਾਵਾਂ ਤੇ ਮੌਜੂਦ ਪਵਿੱਤਰ ਗ੍ਰੰਥ ਦੇ ਪੁਸਤਕ ਰੂਪ ਨੂੰ ਮੱਥਾ ਟੇਕਣ ਦੀ ਲੋੜ ਨਹੀਂ ਪਰੰਤੂ ਬੀੜਾਂ ਅਤੇ ਗੁਟਕਿਆਂ ਦੀ ਸਦਾ ਹੀ ਸਤਿਕਾਰ ਸਹਿਤ ਵਰਤੋਂ ਅਤੇ ਸੰਭਾਲ ਕਰਨੀ ਚਾਹੀਦੀ ਹੈ।
08. ਗੁਰਬਾਣੀ ਵਿੱਚੋਂ ਹਵਾਲਾ ਦੇਣ ਵੇਲੇ ‘ਪੰਨਾਂ ਨੰ. ’ ਲਿਖਣਾ ਚਾਹੀਦਾ ਹੈ ਜਾਂ ‘ਅੰਗ ਨੰ. ’?
‘ਅੰਗ ਨੰ. ’ ਲਿਖਣ ਦਾ ਅਰਥ ਇਹ ਨਿਕਲੇਗਾ ਕਿ ਅਸੀਂ ‘ਗੁਰੂ ਗ੍ਰੰਥ’ ਨੂੰ ਇੱਕ ਦੇਹ ਜਾਂ ਮੂਰਤੀ ਮੰਨ ਰਹੇ ਹਾਂ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਪ੍ਰਤੀ ਅਵੱਗਿਆ ਹੈ। ਇਸ ਲਈ ਗੁਰਬਾਣੀ ਵਿੱਚੋਂ ਹਵਾਲਾ ਦੇਣ ਵੇਲੇ ‘ਪੰਨਾਂ ਨੰ. ’ ਲਿਖਣਾ ਹੀ ਉਚਿਤ ਹੈ। ਇਸ ਸਥਿਤੀ ਵਿੱਚ ਅਸੀਂ ‘ਗੁਰੂ ਗ੍ਰੰਥ’ ਦਾ ਪੁਸਤਕ ਰੂਪ ਹੀ ਕਿਆਸ ਰਹੇ ਹੋਵਾਂਗੇ ਅਤੇ ਇਸ ਵਿੱਚ ਕੋਈ ਕੁਤਾਹੀ ਨਹੀਂ ਕਿਉਂਕਿ ‘ਗੁਰੂ’ ਰੂਪ ਤਾਂ ਗੁਰਬਾਣੀ ਦਾ ਸੰਦੇਸ਼/ਉਪਦੇਸ਼ ਹੀ ਬਣਦਾ ਹੈ।
09. ਕੀ ਪਵਿੱਤਰ ਗ੍ਰੰਥ ਦੀ ਬੀੜ ਨੂੰ ਨਗਰ-ਕੀਰਤਨਾਂ ਵਿਚ, ਭੋਗ-ਸਮਾਗਮਾਂ ਵਿਚ, ਸਿਆਸੀ ਮੀਟਿੰਗਾਂ ਵਿਚ, ਮਨਮੱਤੀ ਗੁਰਦੁਆਰਿਆਂ ਵਿੱਚ ਅਤੇ ਘਰਾਂ ਵਿੱਚ ਰੱਖਣ ਲਈ ਲਿਜਾਣਾ ਚਾਹੀਦਾ ਹੈ?
ਨਹੀਂ, ਇਹਨਾਂ ਸਭਨਾਂ ਥਾਵਾਂ ਤੇ ਅਸੀਂ ਪਵਿੱਤਰ ਗ੍ਰੰਥ ਦਾ ਵੀ ਨਿਰਾਦਰ ਕਰਦੇ ਹਾਂ ਅਤੇ ਗੁਰੂ ਰੂਪ ਗੁਰਬਾਣੀ ਦਾ ਵੀ। ਜੇਕਰ ਗੁਰੂ ਸਾਹਿਬਾਨ ਵਿੱਚੋਂ ਅੱਜ ਕੋਈ ਵੀ ਮੌਜੂਦ ਹੋਵੇ ਤਾਂ ਉਹ ਇਹਨਾਂ ਥਾਵਾਂ ਤੇ ਕਦੀ ਵੀ ਨਾ ਜਾਵੇ।
10. ਕੀ ਪਵਿੱਤਰ ਗ੍ਰੰਥ ਦੀ ਬੀੜ ਨੂੰ ਆਮ ਵਾਹਨ ਜਾਂ ਕੰਟੇਨਰ ਰਾਹੀਂ ਇੱਕ ਜਗਹ ਤੋਂ ਦੂਜੀ ਜਗਹ ਲਿਜਾਣਾ ਕੁਤਾਹੀ ਹੈ?
ਨਹੀਂ, ਪਵਿੱਤਰ ਗ੍ਰੰਥ ‘ਗੁਰੂ ਗ੍ਰੰਥ’ ਦਾ ਪੁਸਤਕ ਰੂਪ ਹੈ ਜਿਸ ਨੂੰ ਆਦਰ ਸਹਿਤ ਅਤੇ ਵਿਸ਼ੇਸ਼ ਸੰਭਾਲ ਨਾਲ ਕਿਸੇ ਵਾਹਨ ਜਾਂ ਕੰਟੇਨਰ ਰਾਹੀਂ ਇੱਕ ਜਗਹ ਤੋਂ ਦੂਜੀ ਜਗਹ ਲਿਜਾਣ ਵਿੱਚ ਕੋਈ ਕੁਤਾਹੀ ਨਹੀਂ। ਫਿਰ ਵੀ ਜੇਕਰ ਕੋਈ ਕਿਸੇ ਬੀੜ ਲਈ ਵਿਸ਼ੇਸ਼ ਟੈਕਸੀ ਦਾ ਜਾਂ ਹਵਾਈ ਜਹਾਜ਼ ਦੀ ਸੀਟ ਦਾ ਪਰਬੰਧ ਕਰ ਸਕਦਾ ਹੈ ਤਾਂ ਇਹ ਉਸ ਦੀ ਮਰਜ਼ੀ ਹੈ। ਪਰੰਤੂ ਅਜਿਹੀ ਕਾਰਵਾਈ ਹਾਸੋਹੀਣੀ ਹੀ ਲੱਗੇਗੀ।
ਬੇਸ਼ਕ ਪਹਿਲਾਂ ਆ ਚੁੱਕੇ ਸਾਰੇ ਵਿਚਾਰ ਪੂਰਨ ਤੌਰ ਤੇ ਤਰਕ-ਅਧਾਰਿਤ ਹਨ, ਇਹਨਾਂ ਨੂੰ ਪਰਚਾਰਨ ਵਿੱਚ ਔਂਕੜਾਂ ਵੀ ਬਹੁਤ ਹਨ। ਅਸੀਂ ਵੇਖਦੇ ਹਾਂ ਕਿ ਕੁੱਝ ਬ੍ਰਾਹਮਣਵਾਦ ਅਤੇ ਕੱਟੜਤਾ ਦੇ ਪਰਭਾਵ ਅਧੀਨ ਆਏ ਹੋਏ ਸਿਖ ਸੱਜਣ ਅਤੇ ਸਿਖ ਭਾਈਚਾਰੇ ਵਿੱਚ ਬਾਹਰ ਤੋਂ ਦਾਖਲ ਹੋਈਆਂ ਕੁੱਝ ਦੋਖੀ ਅਤੇ ਸਵਾਰਥੀ ਧਿਰਾਂ ਨੂੰ ਸਿੱਖੀ ਸਬੰਧੀ ਜਾਗਰੂਕਤਾ ਦਾ ਕੋਈ ਸੁਝਾ ਚੰਗਾ ਨਹੀਂ ਲਗਦਾ। ਸਿੱਖੀ ਸਬੰਧੀ ਜਾਗਰੂਕਤਾ ਲਿਆਉਣ ਦੀ ਵੱਡੀ ਲੋੜ ਇਸ ਲਈ ਹੈ ਕਿ ਸਿਖ ਮੱਤ ਦੇ ਥੋੜ-ਚਿਰੇ ਇਤਿਹਾਸ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰ ਗਈਆਂ ਹਨ ਜਿਹਨਾਂ ਵਿੱਚੋਂ ਕੁੱਝ ਤਾਂ ਪਰਤੱਖ ਹਨ ਅਤੇ ਕੁੱਝ ਅਦਿੱਖ। ਸਿੱਖੀ ਦੇ ਸਬੰਧ ਵਿੱਚ ਇੱਕ ਵੱਡੀ ਅਦਿੱਖ ਘਟਨਾ ਹੈ ਸਿੱਖੀ ਨੂੰ ਕਰਮ-ਕਾਂਡੀ ‘ਧਰਮ’ ਦਾ ਰੂਪ ਮਿਲ ਜਾਣਾ। ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਸਿੱਖੀ ਨੂੰ ਹੋਰਨਾਂ ਪਰੰਪਰਾਗਤ ਧਰਮਾਂ ਦੇ ਮੁਕਾਬਲੇ ਤੇ ਇੱਕ ਨਵੇਂ ਧਰਮ ਵਜੋਂ ਪੇਸ਼ ਨਹੀਂ ਕੀਤਾ ਸੀ ਸਗੋਂ ਉਹਨਾਂ ਨੇ ਸਿੱਖੀ ਨੂੰ ਪਰੰਪਰਾਗਤ ਧਰਮ ਦੇ ਬਦਲ ਦੇ ਤੌਰ ਤੇ ਇੱਕ ਤਰਕਸ਼ੀਲਤਾ ਅਧਾਰਿਤ ਕਰਾਂਤੀਕਾਰੀ ਲਹਿਰ ਵਜੋਂ ਖੜਾ ਕੀਤਾ ਸੀ। ਪਰੰਤੂ ਹੋਇਆ ਇਹ ਹੈ ਕਿ ਸਮੇਂ ਦੇ ਬੀਤਣ ਨਾਲ ‘ਸਿੱਖੀ’ ਨੂੰ ਵੀ ਇੱਕ ਕਰਮ-ਕਾਂਡੀ ਧਰਮ ਦਾ ਰੂਪ ਦੇ ਦਿੱਤਾ ਗਿਆ ਹੈ ਅਤੇ ਅਜਿਹਾ ਬੜੇ ਹੀ ਯੋਜਨਾ-ਬੱਧ ਢੰਗ ਨਾਲ ਕੀਤਾ ਗਿਆ ਹੈ ਜਿਸ ਨਾਲ ਸਿੱਖੀ ਨੂੰ ਹਿੰਦੂ ਮੱਤ ਦੇ ਇੱਕ ਅੰਗ ਵਜੋਂ ਪਰਚਾਰਨਾ ਬਹੁਤ ਅਸਾਨ ਹੋ ਗਿਆ ਹੈ।
ਦੂਸਰੇ ਪਾਸੇ ਕਰਮ-ਕਾਂਡਾਂ ਵਿੱਚ ਫਸੇ ਹੋਏ ਅਜ ਦੇ ਸਿਖ ਸਿੱਖੀ ਤੋਂ ਕੋਹਾਂ ਦੂਰ ਚਲੇ ਗਏ ਹੋਏ ਹਨ ਅਤੇ ਉਹ ਖੁਦ ਹੀ ਤਰਕਸ਼ੀਲਤਾ ਅਤੇ ਜਾਗਰੂਕਤਾ ਦਾ ਡੱਟ ਕੇ ਵਿਰੋਧ ਕਰਦੇ ਵੇਖੇ ਜਾ ਸਕਦੇ ਹਨ। ਇੱਸੇ ਕਰਕੇ ਹੀ ਜਦੋਂ ਕੋਈ ਗੁਰਮੱਤ ਨੂੰ ਸਮਰਪਿਤ ਵਿਅਕਤੀ ਸਿੱਖੀ ਦੇ ਸੰਦਰਭ ਵਿੱਚ ਜਾਗਰੂਕਤਾ ਅਤੇ ਸਚਾਈ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਿਖ-ਵਿਰੋਧੀ, ਨਾਸਤਿਕ ਅਤੇ ਕਾਮਰੇਡ ਵਰਗੇ ਲਕਬ ਦਿੱਤੇ ਜਾਂਦੇ ਹਨ ਅਤੇ ਉਸ ਨੂੰ ਧਮਕੀਆਂ ਦੇ ਕੇ ਚੁੱਪ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ। ਅਚੰਭੇ ਦੀ ਗੱਲ ਇਹ ਹੈ ਕਿ ਸਚ, ਤਰਕ ਅਤੇ ਜਾਗਰੂਕਤਾ ਦਾ ਡੱਟ ਕੇ ਵਿਰੋਧ ਕਰਨ ਵਾਲੀਆਂ ਧਿਰਾਂ ਵਿੱਚੋਂ ਕੁੱਝ ਕੁ ਸਵਾਰਥੀ ਅਤੇ ਸ਼ਰਾਰਤੀ ਤੱਤ ਅਜਿਹੇ ਹਨ ਜੋ ਆਪਣੇ-ਆਪ ਨੂੰ ‘ਖਾਲਸਾ’ ਅਖਵਾਉਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ।
ਅੰਤ ਵਿੱਚ ਹਰੇਕ ਸਿਖ ਅਖਵਾਉਣ ਵਾਲੇ ਵਿਅਕਤੀ ਅੱਗੇ ਸਨਿਮਰ ਬੇਨਤੀ ਹੈ ਉਹ ਸੱਚ, ਤਰਕ ਅਤੇ ਜਾਗਰੂਕਤਾ ਨੂੰ ਸੰਪੂਰਨ ਰੂਪ ਵਿੱਚ ਅਪਣਾਵੇ। ਨਾਲ ਹੀ ਉਹ ਹਰ ਦਮ ਮਨ ਵਿੱਚ ਗੁਰਬਾਣੀ ਦਾ ਹੇਠਾਂ ਦਿੱਤਾ ਆਦੇਸ਼ ਵਸਾ ਕੇ ਰੱਖੇ ਅਤੇ ਇਸਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰੇ:
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥”
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।—–http://www.singhsabhacanada.