ARTICLES - ENGLISH/PUNJABI

The Anciet Diety (DEMON) known by various names is MAHAKAAL…the God of BNG aka dsm granth

Original Author: Sardar Gurtej Singh  http://www.singhsabhacanada.com/

 

‘ਬਚਿੱਤਰ ਨਾਟਕ’ ਦਸਮ ਗ੍ਰੰਥ ਦਾ ਇੱਕ ਅਹਿਮ ਭਾਗ ਹੈ ਅਤੇ ਇਸ ਵਿੱਚ ਦੇਵੀ ਚੰਡੀ ਸਬੰਧੀ ਤਿੰਨ ਅਧਿਆਇ, ਅਪਨੀ ਕਥਾ (ਗੁਰੂ ਗੋਬਿੰਦ ਸਿੰਘ ਜੀ ਦੀ ਕਥਿਤ ਆਤਮ-ਕਥਾ) ਅਤੇ ਚੌਬੀਸ ਅਵਤਾਰ ਸ਼ਾਮਲ ਹਨ। ਇਹੀ ਉਹ ਰਚਨਾ ਹੈ ਜਿਸਨੇ ਸ਼ੁਰੂ ਵਿੱਚ ਆਪਣਾ ਨਾਮ ਉਸ ਪੂਰੀ ਕਿਤਾਬ ਨੂੰ ਪ੍ਰਦਾਨ ਕੀਤਾ, ਜਿਸਨੂੰ ਹੁਣ ‘ਦਸਮ ਗ੍ਰੰਥ’ ਵਜੋਂ ਜਾਣਿਆ ਜਾਂਦਾ ਹੈ। ਇਸਦੇ ਮੌਜੂਦਾ ਪੁਨਰ-ਨਾਮਕਰਣ ਤੋਂ ਪਹਿਲਾਂ ਇਸਨੂੰ ‘ਬਚਿੱਤਰ ਨਾਟਕ ਗ੍ਰੰਥ’ ਵਜੋਂ ਜਾਣਿਆ ਜਾਂਦਾ ਸੀ। ਹਥਲੇ ਲੇਖ ਦਾ ਮਕਸਦ ਇਸ ਭਾਗ ਦੇ ਲਿਖਾਰੀਆਂ ਵੱਲੋਂ ਪੂਜੇ ਜਾਂਦੇ ਇਸ਼ਟ ਦੇ ਸਰੂਪ ਅਤੇ ਉਸਦੇ ਗੁਣਾਂ ਨੂੰ ਜਾਣਨਾ ਹੈ।

ਲੇਖਕ ਬਚਿੱਤਰ ਨਾਟਕ ਨੂੰ ਲਿਖਣ ਦੀ ਆਰੰਭਤਾ ‘ਪਵਿੱਤਰ ਤਲਵਾਰ’ (ਛੰਦ 1) ਨੂੰ ਮੱਥਾ ਟੇਕ ਕੇ ਕਰਦਾ ਹੈ। ਅਗਲੀ ਰਚਨਾ ਦਾ ਉਪਸਿ ਰਲੇਖ ‘ਸ੍ਰੀ ਕਾਲ ਜੀ ਕੀ ਉਸਤਤਿ ਮੇਂ’ ਹੈ ਅਤੇ ਉਪਰੰਤ ਇਸ ਵਿੱਚ ਵੀ ਤਲਵਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ। ਲੇਖਕ ਕਾਲ ਅਤੇ ਤਲਵਾਰ ਨੂੰ ਸਮਾਨਾਰਥਕ ਸਮਝਦਾ ਹੈ। ਇਸ ਤਰ੍ਹਾਂ ਉਹ ਪਰੰਪਰਾਗਤ ਸਾਕਤ ਨਜ਼ਰੀਏ ਨੂੰ ਉਭਾਰਦਾ ਹੈ ਜਿਸ ਵਿੱਚ ‘ਸ਼ਕਤੀ’ ਦਾ ਲਖਾਇਕ ਤਲਵਾਰ ਦਾ ਚਿੰਨ੍ਹ ਹੈ ਜੋ ਕਿ ਮਹਾਂਕਾਲ ਜਾਂ ਮਹਾਂਕਾਲੀ ਦਾ ਸਮਰੂਪ ਹੈ। ਇਸ ਲਈ ਸਾਕਤ ਭਗਵਾਨ ਦੀ ਅਕਸਰ ਅਸਿਪਾਨ ਦੇ ਰੂਪ ਵਿੱਚ ਜਾਂ ‘ਹੱਥ ’ਚ ਤਲਵਾਰ ਪਕੜੀ ਖੜ੍ਹੇ’ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ (ਜਿਵੇਂ ਛੰਦ 3 ਵਿੱਚ)। ਉਹ ਵਾਸਤਵ ਵਿੱਚ ਇੱਕ ‘ਜੰਗ ਦਾ ਦੇਵਤਾ’ ਜਾਂ ਵਧੇਰੇ ਸਪਸ਼ਟਤਾ ਨਾਲ ਕਿਹਾ ਜਾਏ ਤਾਂ ‘ਮੌਤ ਵਰਤਾਉਣ ਵਾਲਾ ਦੇਵਤਾ’ ਹੈ। ਆਪਣੀ ਸ਼ਰਧਾ ਇਉਂ ਪਰਗਟ ਕਰਨ ਉਪਰੰਤ ਕਵੀ ਆਪਣੇ ਇਸ਼ਟ ਨੂੰ ਉਨ੍ਹਾਂ ਉਪਾਧੀਆਂ ਨਾਲ ਸ਼ਿੰਗਾਰਦਾ ਜਾਂਦਾ ਹੈ ਜਿਹੜੀਆਂ ਕਿ ਅਕਾਲ ਪੁਰਖ ਦੇ ਮੰਨੇ ਜਾਂਦੇ ਗੁਣਾਂ ਨਾਲ ਅਸਾਨੀ ਨਾਲ ਮੇਲ ਖਾਂਦੀਆਂ ਹਨ। ਇਸੇ ਸਦਕਾ ‘ਦਸਮ ਗ੍ਰੰਥ’ ਦੀਆਂ ਕਵਿਤਾਵਾਂ ਦੇ ਸਰਸਰੀ ਪਾਠਕਾਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ।

mahakaal’s physical appearance

ਮਹਾਂਕਾਲ ਦੀ ਸਰੀਰਕ ਦਿੱਖ

ਇਸ ਮਤ ਦਾ ਇੱਕ ਸਭ ਤੋਂ ਮਹੱਤਵਪੂਰਨ ਅਤੇ ਪੁਰਾਤਨ ਮੰਦਰ ਉੱਜੈਨ ਵਿੱਚ ਹੈ, ਜਿੱਥੇ ਇੱਕ ਦੇਵਤੇ ਦੀ ਮੂਰਤੀ ਸਥਾਪਤ ਹੈ। ਐਲੀਫੈਂਟਾ ਗੁਫਾਵਾਂ ਵਿੱਚ ਇਸ ਦੇਵਤੇ ਨੂੰ ਅੱਠ ਬਾਹਵਾਂ ਵਾਲੇ ਮਨੁੱਖ ਵਜੋਂ ਪੇਸ਼ ਕੀਤਾ ਗਿਆ ਹੈ। ਉਸਨੇ ਆਪਣੇ ਇੱਕ ਹੱਥ ਵਿੱਚ ਇੱਕ ਮਨੁੱਖ, ਦੂਜੇ ਵਿੱਚ ਬਲੀ ਲੈਣ ਵਾਲਾ ਖੰਜਰ, ਤੀਜੇ ਵਿੱਚ ਖੂਨ ਇਕੱਤਰ ਕਰਨ ਲਈ ਬਾਟਾ ਅਤੇ ਚੌਥੇ ਵਿੱਚ ਬਲੀ ਦੇ ਸਮੇਂ ਵਜਾਇਆ ਜਾਣ ਵਾਲਾ ਇੱਕ ਘੜਿਆਲ ਫੜ੍ਹਿਆ ਹੋਇਆ ਹੈ। ਉਸਦੇ ਦੋ ਹੱਥਾਂ ਵਿੱਚ ਸੂਰਜ ਨੂੰ ਛੁਪਾਉਣ ਲਈ ਇੱਕ ਪਰਦਾ (screen) ਹੈ (ਅਜਿਹੇ ਕੰਮ ਰਾਤ ਦੇ ਹਨੇਰੇ ਵਿੱਚ ਬਿਹਤਰ ਹੁੰਦੇ ਹਨ)। ਦਇਆਪੂਰਵਕ , ਸੱਤਵਾਂ ਅਤੇ ਅੱਠਵਾਂ ਹੱਥ ਗਾਇਬ ਹਨ। ਆਖਰੀ ਵਿਸ਼ਲੇਸ਼ਣ ਵਿੱਚ, ਜਿਵੇਂ ਕਿ ਉਸਦੇ ਸਾਕਤ-ਗੁਣ ਵੀ ਜ਼ਾਹਰ ਕਰਦੇ ਹਨ, ਮਹਾਂਕਾਲ ਹੋਰ ਕੁਝ ਨਹੀਂ ਬਲਕਿ ਸਮੇਂ ਦਾ ਹੀ ਮਨੁੱਖੀਕਰਨ ਹੈ।

‘ਦਸਮ ਗ੍ਰੰਥ’ ਵਿੱਚ ਮਹਾਂਕਾਲ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਥਾਂ-ਥਾਂ ’ਤੇ ਹੈ ਜੋ ਮਹਾਂਕਾਲ ਦਾ ਸੀਰਰਕ ਬਖਯਾਨ ਵੀ ਕਰਦਾ ਹੈ। ‘ਤੂੰ ਮਹਾਂਕਾਲ ਹੈਂ, ਮੌਤ ਦੀ ਵੀ ਮੌਤ ਹੈਂ, ਜਿਸਦੇ ਖੱਬੇ ਹੱਥ ਵਿੱਚ ਤੀਰ-ਕਮਾਨ ਅਤੇ ਸੱਜੇ ਹੱਥ ਵਿੱਚ ਖੌਫਨਾਕ ਤਲਵਾਰ ਫੜੀ ਹੋਈ ਹੈ’ (ਛੰਦ 17)। ਉਹ ‘ਮਹਾਂ ਦਾੜ੍ਹ’ (ਵੱਡਾ ਜਬਾੜਾ) ਹੈ, ਜੋ ਹਜ਼ਾਰਾਂ ਜਿੰਦਾ ਪ੍ਰਾਣੀਆਂ ਨੂੰ ਚੱਬ ਚੁੱਕਾ ਹੈ।’ (ਛੰਦ 18)। ‘ਤੇਰੇ ਸਫੇਦ ਅਤੇ ਲਮਕੇ ਹੋਏ ਖੌਫਨਾਕ ਜਬਾੜੇ ਹਨ। ਤੂੰ ਤਲਵਾਰ ਫੜੀ ਹੋਈ ਹੈ ਅਤੇ ਹਮੇਸ਼ਾ ਸ਼ਰਾਬ ਪੀ ਰੱਖਦਾ (ਨਸ਼ੇ ਵਿੱਚ ਮਸਤ) ਹੈਂ।’ (ਛੰਦ 55) ਉਸਨੂੰ ‘ਆਪਣੇ ਉੱਪਰ ਸਫੇਦ ਅਤੇ ਕਾਲੀ ਛਤਰੀ ਤਾਣੇ ਹੋਏ’ ਅਤੇ ‘ਡਮਰੂ (ਪਰਲੋ ਦੇ ਦਿਨ ਵਾਲਾ ਡਮਰੂ, ਸ਼ਿਵ ਦੀ ਵਿਸ਼ੇਸ਼ਤਾ) ਵਜਾਉਂਦਾ’ ਪੇਸ਼ ਕੀਤਾ ਗਿਆ ਹੈ। ਉਹ ਖੌਫਨਾਕ ਅਵਾਜ਼ਾਂ (ਹਾ, ਹੂ) ਕੱਢਦਾ ਹੋਇਆ ਹੱਸਦਾ ਹੈ ਅਤੇ ਅਜਿਹੇ ਸ਼ੰਖ ਵਜਾਉਂਦਾ ਹੈ ਜੋ ਪਰਲੋ ਦੇ ਦਿਨ ਵਾਲੀ ਅੱਗ ਉਗਲਦੇ ਹਨ (ਛੰਦ 19)। ‘ਮਨੁੱਖਾਂ ਦੀਆਂ ਖੋਪੜੀਆਂ, ਜਿਨ੍ਹਾਂ ਵਿੱਚੋਂ ਖੂਨ ਰਿਸ ਰਿਹਾ ਹੈ, ਵਾਲੀ ਉਸਦੀ ਮਾਲਾ ਵੱਡੇ ਮੁਹਤਬਰਾਂ ਨੂੰ ਵੀ ਰੀਝਾ ਲੈਂਦੀ ਹੈ’ (ਛੰਦ 23)। ਉਸਦੇ ਸਰੀਰਕ ਸਰੂਪ ਨੂੰ ਹੋਰ-ਹੋਰ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ,‘ਉਸਨੇ ਇੱਕ ਖੌਫਨਾਕ ਤਲਵਾਰ ਫੜੀ ਹੋਈ ਹੈ, ਉਸ ਦੀਆਂ ਚਾਰ ਸੋਹਣੀਆਂ ਬਾਹਵਾਂ ਹਨ ਅਤੇ ਸਿਰ ’ਤੇ ਵਾਲਾਂ ਦਾ ਇੱਕ ਸੁੰਦਰ ਜੂੜਾ ਹੈ’ (ਛੰਦ 32)। ਉਸਦੀ ਜੀਭ ਅੱਗ ਵਾਂਗ ਸੋਹਣੀ ਹੈ ਅਤੇ ਉਸਦੇ ਜਬਾੜੇ ਅਤਿਅੰਤ ਭੈਭੀਤ ਕਰਨ ਵਾਲੇ ਹਨ ਅਤੇ ਉਸਦਾ ਰੰਗ ਸੋਹਣਾ ਕਾਲਾ ਹੈ (ਛੰਦ 32)। ਉਸਦਾ ਰੂਪ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ (ਸਦਾ ਏਕ ਰੂਪੰ – ਛੰਦ 39)। ਓਸ ਦੇ ‘ਕਾਮੀਆਂ ਦਾ ਮਹਾਂਕਾਮੀ’ ਹੋਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ (ਮਹਾ ਕਾਮ ਕਾਮੰ – ਛੰਦ 59)।

ਲੇਖਕ ਇੱਕ ਵਿਸ਼ੇਸ਼ ਦੇਵਤਾ ਦਾ ਵਰਣਨ ਕਰ ਰਿਹਾ ਹੈ, ਜਿਸ ਤੋਂ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਦੇ ਵੱਖ-ਵੱਖ ਪੜਾਵਾਂ ਵਿੱਚ ਮੌਜੂਦ ਰਹੇ ਸ਼ਰਧਾਲੂਆਂ ਦੀਆਂ ਪੀੜ੍ਹੀਆਂ ਵਾਕਿਫ਼ ਹਨ। ਉਹ ਮਧੂ ਦੈਂਤ ਦਾ ਨਾਸ਼ਕ ਹੈ (ਛੰਦ 41) ਅਤੇ ਕੈਟਭ, ਸੁੰਭ, ਨਿਸੁੰਭ ਅਤੇ ਰਕਤਬੀਜ ਦਾ ਵੀ (ਛੰਦ 64)। ਉਸਦੇ ਆਦੇਸ਼ ਨੂੰ ਹਰ ਕੋਈ ਅਤੇ ਹਰ ਥਾਂ ’ਤੇ ਮੰਨਦਾ ਹੈ (ਛੰਦ 60)। ਚਰਚਾ ਅਧੀਨ ਕਿਤਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਹਾਂਕਾਲ ਦੀ ਪੂਰੀ ਤਸੀਵਰ ਉੱਭਰ ਆਉਂਦੀ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਂਕਾਲ ਦਾ ਵਰਣਨ ‘ਸਮੇਂ ਦਾ ਪੁੱਤਰ ਅਤੇ ਸ਼ਿਵ, ਜੋ ਸ਼ਿਵ ਦੇ ਵੀਰਜ ਦੀ ਇੱਕ ਬੂੰਦ ਤੋਂ ਪੈਦਾ ਹੋਇਆ ਜਿਹੜੀ ਉਸ ਵੱਲੋਂ ਇਸਨੂੰ ਅੱਗ ਵਿੱਚ ਸਥਾਪਤ ਕਰਦਿਆਂ ਬਾਹਰ ਡਿੱਗ ਗਈ ਸੀ’- ਵਜੋਂ ਕੀਤਾ ਹੈ (ਮਹਾਨ ਕੋਸ਼, ਪੰਨਾ 700)। ‘ਮਹਾਂਕਾਲ’ ਸ਼ਿਵ ਦੇ 36 ਨਾਵਾਂ ਵਿੱਚ ਸ਼ਾਮਲ ਕੀਤਾ ਗਿਆ ਇੱਕ ਨਾਮ ਹੈ। ਡਾਊਸਨ ਇਸਨੂੰ ‘‘ਸ਼ਿਵ ਦੇ ਵਿਨਾਸ਼ਕਾਰੀ ਚਰਿੱਤਰ ਦਾ ਇੱਕ ਨਾਮ” ਮੰਨਦਾ ਹੈ (ਪੰਨਾ 123)। ਤਾਂ ਵੀ ਸ਼ਿਵ ਸਾਕਤ ਸਾਹਿਤ ਵਿਚਲੇ ਮਹਾਂਕਾਲ ਜਿੰਨਾ ਪੂਜਨੀਕ ਨਹੀਂ ਬਣਦਾ। ਮਹਾਂਕਾਲ ਦੀ ਤੁਲਨਾ ਵਿੱਚ ਸ਼ਿਵ, ਹੋਰਨਾਂ ਸਾਰੇ ਦੇਵਤਿਆਂ ਦੀ ਤਰ੍ਹਾਂ, ਉਸਦਾ ਤਰਸਯੋਗ ਜਿਹਾ ਪੇਂਡੂ ਭਰਾ ਹੋ ਨਿੱਬੜਦਾ ਹੈ। ‘ਦਸਮ ਗ੍ਰੰਥ’ ਦੇ ਲੇਖਕ ਸ਼ਿਵ ਨੂੰ ਮਹਾਂਕਾਲ ਤੱਕ ਨਾਲੋਂ ਵੀ ਸ੍ਰੇਸ਼ਟ ਸਿੱਧ ਕਰਨ ਲਈ ਆਪਣੀ ਜਾਣਕਾਰੀ ਵਾਲੇ ਸਾਰੇ ਦਾਅ-ਪੇਚਾਂ ਦੀ ਵਰਤੋਂ ਕਰਦੇ ਹਨ। ਚਰਿਤਰੋਪਾਖਿਆਨ ਦੀ ਕਹਾਣੀ 125 ਸ਼ਿਵ ਦੇ ਇੱਕ ਸ਼ਰਧਾਲੂ ਜਾਂ ਸ਼ਿਵਲਿੰਗ ਨੂੰ ਪੂਜਣ ਵਾਲੇ ਬ੍ਰਾਹਮਣ ਦੀ ਹੈ। ਇੱਕ ਰਾਜਕੁਮਾਰੀ, ਜੋ ਮਹਾਂਕਾਲ ਦੀ ਉਪਾਸ਼ਕ ਸੀ, ਨੇ ਉਸ ਉੱਤੇ ਕਾਮੁਕ ਹਮਲੇ ਦਾ ਇਲਜ਼ਾਮ ਲਗਾਉਣ ਅਤੇ ਉਸਦਾ ਸਿਰ ਕਲਮ ਕਰਵਾਉਣ ਦੀ ਧਮਕੀ ਦਿੱਤੀ। ਉਸਨੇ ਕੇਵਲ ਉਦੋਂ ਹੀ ਰਹਿਮ ਕੀਤਾ ਜਦ ਉਹ ਬ੍ਰਾਹਮਣ ਉਨ੍ਹਾਂ ‘ਪੱਥਰਾਂ’ ਨੂੰ ਦੂਰ ਸੁੱਟਣ ਲਈ ਤਿਆਰ ਹੋ ਗਿਆ ਅਤੇ ਸ਼ਰਾਬ ਤੇ ਹਸ਼ੀਸ਼ ਦੀ ਦੀਖਿਆ ਲੈ ਕੇ ਮਹਾਂਕਾਲ ਦਾ ‘ਸਿੱਖ’ ਬਣ ਗਿਆ। ਨਵ-ਦੀਖਿਅਤਾਂ ਨੂੰ ਸਾਕਤ ਮਤ ਵਿੱਚ ਸ਼ਾਮਲ ਕਰਨ ਲਈ ਇਹ ਰਸਮ ਸ਼ਾਇਦ ਸਭ ਥਾਂਈਂ ਪ੍ਰਚੱਲਤ ਸੀ।

ਮਹਾਂਕਾਲ ਦੀਆਂ ਗੈਰ-ਸਰੀਰਕ ਵਿਸ਼ੇਸ਼ਤਾਵਾਂ ਵੀ ਸਿਰੇ ਦੀਂਆਂ ਹਨ। ਉਸਨੂੰ ਦੁਨੀਆ ਦੇ ਕਰਤਾ ਦੇ ਤੌਰ ’ਤੇ ਸਵੀਕਾਰ ਕੀਤਾ ਗਿਆ ਹੈ (ਛੰਦ 24 ਅਤੇ 25), ਜਿਸਨੇ ਇਸਨੂੰ ਬਹੁਤ ਵਾਰੀ ਬਣਾਇਆ ਅਤੇ ਤਬਾਹ ਕੀਤਾ ਹੈ (ਛੰਦ 26)। ਉਸਨੂੰ ਅਨੇਕਾਂ ਰਾਮ ਅਤੇ ਮੁਹੰਮਦ (ਮਹਾਂਦੀਨ) ਪੈਦਾ ਅਤੇ ਖ਼ਤਮ ਕਰਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ (ਛੰਦ 27)। ਅਜਿਹੇ ਵਿਸ਼ਵਾਸ ਬਾਰ-ਬਾਰ ਦੁਹਰਾਏ ਜਾਂਦੇ ਹਨ – ‘ਤੂੰ ਭੂਤ, ਵਰਤਮਾਨ ਅਤੇ ਭਵਿੱਖ ਦਾ ਨਿਰਮਾਤਾ ਹੈਂ ਅਤੇ ਕਾਲੇ ਯੁੱਗ (ਕਲਿਯੁਗ) ਵਿੱਚ ਸਿਰਫ਼ ਤੂੰ ਰਖਵਾਲਾ ਹੈਂ’ :

ਭਵ ਭੂਤ ਭਵਿੱਖ ਭਵਨ ਭਵੰਗ ਕਲ ਕਰਨ ਉਬਾਰਨ ਏਕ ਤੁਵੰਗ। (ਛੰਦ 45)

ਉਹ ਸੱਚਮੁੱਚ ਗੌਰਵਸ਼ਾਲੀ ਦੇਵਤਾ ਹੈ : ‘‘ਉਹ ਰੁਦਰ (ਸਾਕਤਾਂ ਵਿੱਚ ਥੋੜ੍ਹੀ-ਬਹੁਤ ਇੱਜ਼ਤ ਦਾ ਪਾਤਰ ਕੇਵਲ ਇੱਕੋ ਹੋਰ ਦੇਵਤਾ) ਤੱਕ ਨੂੰ ਸ਼ਰਮਿੰਦਾ ਕਰ ਦਿੰਦਾ ਹੈ।” ਮਹਾਂਕਾਲ ਵੱਲੋਂ ਭਿਆਨਕ ਅਵਾਜ਼ਾਂ ਕੱਢਣ ’ਤੇ ਮੌਤ ਦੇ ਇਸ ਦੇਵਤੇ ਨੂੰ ਡਰ ਨਾਲ ਕੰਬਦਾ ਹੋਇਆ ਪੇਸ਼ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦੇ ਮੁਖੀਆਂ, ਪੈਗੰਬਰਾਂ ਅਤੇ ਵਿਸ਼ਨੂੰ ਦੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਸਭ ’ਤੇ ਜੇਤੂ ਰਿਹਾ ਹੈ। ਉਸ ਦੀ ਜਿੱਤ ਦੇ ਦਾਅਵੇ ਦਾ ਆਧਾਰ ਹੈ ਕਿ ‘‘ਕਾਲ ਨੇ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦਿੱਤਾ ਪਰ ਖ਼ੁਦ ਉਨ੍ਹਾਂ ਕੋਲੋਂ ਖ਼ਤਮ ਨਹੀਂ ਹੋਇਆ” (ਛੰਦ 28)। ਇਸੇ ਤਰ੍ਹਾਂ ਇੰਦਰ, ਚੰਦਰ ਦੇਵਤਾ, ਮੁਸਲਿਮ ਔਲੀਆ ਅਤੇ ਦਰਵੇਸ਼ਾਂ ਆਦਿ ਸਭ ਨੂੰ ਕਾਲ ਦੇ ਜਬਾੜਿਆਂ ਨੇ ਚੱਬ ਲਿਆ (ਛੰਦ 29)। ਉਹਦੇ ਜਿਹਾ ਨਾ ਕੋਈ ਸੀ, ਨਾ ਕੋਈ ਹੈ ਅਤੇ ਨਾ ਹੋਵੇਗਾ (ਛੰਦ 40)। ਅਜਿਹਾ ਵਿਸ਼ਵਾਸ ਹੈ ਕਿ ਉਸਦੀ ਸ਼ਰਨ ਵਿੱਚ ਆਉਣ ਵਾਲੇ ਸਾਰਿਆਂ ਦੀ ਉਹ ਰਾਖੀ ਕਰੇਗਾ ਅਤੇ ਬਾਕੀ ਸਭ ਨਾਸ਼ ਹੋ ਜਾਣਗੇ (ਛੰਦ 75)। ਸਿਰਫ਼ ਕਾਲ ਦੀ ਪੂਜਾ ਕਰਨ ਵਾਲੇ ਹੀ ਸੰਸਾਰ ਵਿੱਚ ਜੇਤੂ ਹੋ ਕੇ ਉੱਭਰਨਗੇ (ਛੰਦ 79)।

ਮਹਾਂਕਾਲ ਨੂੰ ਹਥਿਆਰਾਂ ਦੇ ਚਿੰਨ੍ਹ ਵਰਤ ਕੇ ਪੂਜਿਆ ਗਿਆ ਹੈ – ‘ਮੈਂ ਤੈਨੂੰ ਸਿਰ ਝੁਕਾਉਂਦਾ ਹਾਂ ਜੋ ਕਿ ਤਲਵਾਰ ਹੈਂ, ਦੋ-ਧਾਰਾ ਖੰਡਾ ਅਤੇ ਖੰਜਰ ਹੈਂ’ (ਛੰਦ 87)। ‘ਮੈਂ ਸਾਰੇ ਹਥਿਆਰਾਂ ਅਤੇ ਸਾਰੇ ਅਸਤਰਾਂ (ਸੁੱਟ ਕੇ ਚਲਾਉਣ ਵਾਲੇ ਹਥਿਆਰ) ਨੂੰ ਨਮਸਕਾਰ ਕਰਦਾ ਹਾਂ (ਛੰਦ 91)। ‘ਮੈਨੂੰ ਕਲਿਯੁਗ ਵਿੱਚ ਕਾਲ, ਉਸਦੀ ਤਲਵਾਰ ਅਤੇ ਉਸ ਦੀਆਂ (ਭਾਰੀ) ਤਾਕਤਵਰ ਬਾਹਵਾਂ ਉੱਪਰ ਪੂਰਾ ਭਰੋਸਾ ਹੈ’ (ਛੰਦ 40)। ਬਚਿੱਤਰ ਨਾਟਕ ਦੀ ਆਰੰਭਲੀਆਂ 101 ਕਵਿਤਾਵਾਂ ਇਸੇ ਦੇਵਤਾ ਦੀ ਪੂਜਾ-ਭਰਪੂਰ ਪ੍ਰਸ਼ੰਸਾ ਵਿੱਚ ਹਨ। ਅਜਿਹੇ ਭਗਵਾਨ ਅੱਗੇ ‘ਅਪਨੀ ਕਥਾ’ ਦੀ ਸ਼ਮੂਲੀਅਤ ਵਾਲੇ ਬਚਿੱਤਰ ਨਾਟਕ ਦਾ ਕਵੀ ਪ੍ਰਾਥਨਾ ਕਰਦਾ ਹੈ, ‘‘ਮੈਂ ਤੇਰੀ ਸਰਨ ਵਿੱਚ ਹਾਂ, ਮੇਰੀ ਲਾਜ ਰੱਖ ਲੈਣੀ (ਸਰਨ ਨਾਥ ਤੋਰੀਅੰ।। ਉਬਾਰ ਲਾਜ ਮੋਰੀਅੰ -ਛੰਦ 48)।

ਅਪਨੀ ਕਥਾ

ਮਹਾਂਕਾਲ ਪ੍ਰਤੀ ਭਰਪੂਰ ਸ਼ਰਧਾ ਪ੍ਰਗਟਾਉਣ ਉਪਰੰਤ, ਕਵੀ ਛਲਪੂਰਵਕ, ਉੱਤਮ ਪੁਰਖ (First Person) ਦੀ ਹੈਸੀਅਤ ਵਿੱਚ ਬੇਦੀ-ਸੋਢੀ ਵੰਸ਼ ਬਾਰੇ ਲਿਖਣਾ ਆਰੰਭ ਕਰਦਾ ਹੈ। ਇਹ ਇਤਿਹਾਸਕ ਤੱਥਾਂ ਤੋਂ ਵਾਂਝਾ ਮਹਿਜ਼ ਇੱਕ ਕਾਲਪਨਿਕ ਵਰਣਨ ਹੈ ਤੇ ਮੁਕੰਮਲ ਤੌਰ ’ਤੇ ਇਤਿਹਾਸਕ ਤੱਥਾਂ ਤੋਂ ਵਿਹੂਣਾ ਹੈ। ਕਵੀ ਅਤਿ ਦੀ ਸਾਵਧਾਨੀ ਵਰਤਦਿਆਂ ਯਕੀਨੀ ਬਣਾਉਂਦਾ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਕਾਲ ਬਾਰੇ ਕੁਝ ਜਾਣੇ-ਪਛਾਣੇ ਤੱਥਾਂ ਨਾਲ ਮੇਲ ਖਾ ਜਾਏ। ਇਹ ਬਖਯਾਨ ਕਲਪਨਾ ਅਤੇ ਪੁਨਰ-ਵਿਆਖਿਆ ਦਾ ਮਿਲਗੋਭਾ ਹੈ। ਆਪਣੇ ਪਿਛਲੇ ਜਨਮ ਬਾਰੇ ਕਵੀ ਕਹਿੰਦਾ ਹੈ :

ਹੇਮਕੁੰਟ ਪਰਬਤ ਹੈ ਜਹਾਂ।। ਸਪਤ ਸ੍ਰਿੰਗ ਸੋਭਿਤ ਹੈ ਤਹਾਂ।। ਤਹ ਹਮ ਅਧਿਕ ਤਪਸਿਆ ਸਾਧੀ।। ਮਹਾਂਕਾਲ ਕਾਲਕਾ ਅਰਾਧੀ।। (ਪੰਨਾ 195, ਛੰਦ 1 ਅਤੇ 2)

ਇਹ ਕਥਨ ਓਨਾ ਹੀ ਦਰੁਸਤ ਹੈ ਜਿੰਨਾ ਇੱਕ ਨਿਹਾਇਤ ਅਸਪਸ਼ਟ ਕਥਨ ਹੋ ਸਕਦਾ ਹੈ। ਪਹਾੜੀ ਖੇਤਰਾਂ ਵਿੱਚ ਅਜਿਹੀਆਂ ਬਹੁਤੀਆਂ ਥਾਵਾਂ ਨਹੀਂ ਹੋਣਗੀਆਂ, ਜਿੱਥੇ ਸੱਤ ਪਹਾੜੀ ਚੋਟੀਆਂ ਨਾ ਹੋਣ। ਅਪਨੀ-ਕਥਾ ਲਿਖਣ ਦਾ ਮਕਸਦ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦੀ ਇਸ ਇਰਾਦੇ ਨਾਲ ਪੁਨਰ-ਵਿਆਖਿਆ ਕਰਨਾ ਹੈ ਜਿਸ ਨਾਲ ਇਹ ਸਿੱਧ ਕੀਤਾ ਜਾ ਸਕੇ ਕਿ ਉਹ ਆਪਣੇ ਨਿੱਜੀ ਅਧਿਕਾਰ ਤਹਿਤ ਇੱਕ ਸੁਤੰਤਰ ਪੈਗੰਬਰ ਸਨ ਅਤੇ ਪਹਿਲੇ ਨੌ ਨਾਨਕਾਂ (ਗੁਰੂ ਨਾਨਕ ਜੋਤਿ ਦੇ ਨੌ ਸਰੂਪਾਂ) ਦੇ ਜਾਨਸ਼ੀਨ ਨਹੀਂ ਸਨ। ਉਨ੍ਹਾਂ ਨੂੰ ਉਦੋਂ ਸੰਸਾਰ ’ਤੇ ਭੇਜਿਆ ਗਿਆ ਜਦ ਪਹਿਲੇ ਸਾਰੇ ਅਵਤਾਰ ਅਤੇ ਪੈਗੰਬਰ ਮਹਾਂਕਾਲ ਦੀਆਂ ਉਮੀਦਾਂ ’ਤੇ ਖ਼ਰੇ ਨਾ ਉੱਤਰੇ ਅਤੇ ਉਸਦਾ ਕਹਿਣਾ ਮੰਨਣ ਤੋਂ ਇਨਕਾਰੀ ਹੋ ਗਏ। ਫਿਰ ਮਹਾਂਕਾਲ ਨੇ ਅਪਨੀ-ਕਥਾ ਦੇ ਨਾਇਕ ਨੂੰ ਬੁਲਾਇਆ ਅਤੇ ਉਸਨੂੰ ਕਿਹਾ, ‘‘ਮੈਂ ਤੈਨੂੰ ਆਪਣੇ ਪੁੱਤਰ ਵਜੋਂ ਅਪਨਾ ਲਿਆ ਹੈ ਅਤੇ ਪੰਥ ਦੀ ਸਥਾਪਨਾ ਲਈ ਤੈਨੂੰ ਥਾਪਿਆ ਹੈ” :

ਮੈ ਅਪਨਾ ਸੁਤ ਤੋਹਿ ਨਿਵਾਜਾ।। ਪੰਥ ਪ੍ਰਚੁਰ ਕਰਬੇ ਕਉ ਸਾਜਾ।। (ਪੰਨਾ 148, ਛੰਦ 29)

ਇਸ ਸਥਿਤੀ ਨੂੰ ਮੰਨਣ ਸਦਕਾ, ਸ਼ਰਧਾਲੂ-ਲੇਖਕ ਸਾਕਤ ਮਤ ਦੇ ਦੇਵਤਾ ਵਿੱਚ ਆਪਣਾ ਵਿਸ਼ਵਾਸ ਬਾਰ-ਬਾਰ ਪ੍ਰਗਟਾਉਂਦਾ ਹੈ, ‘‘ਸਭ ਦਾ ਕਾਲ, ਮੇਰਾ ਪਿਤਾ ਹੈ ਅਤੇ ਕਾਲਕਾ ਦੇਵੀ ਮੇਰੀ ਮਾਂ ਹੈ” :

ਸਰਬ ਕਾਲ ਹੈ ਪਿਤਾ ਅਪਾਰਾ।। ਦੇਬਿ ਕਾਲਕਾ ਮਾਤ ਹਮਾਰਾ।। (ਪੰਨਾ 190, ਛੰਦ 5)

ਇੱਕ ਅਜਿਹੀ ਲੜਾਈ, ਜਿਸ ਵਿੱਚ ਮੁੱਖ ਪਾਤਰ ਨੇ ਭਾਗ ਲਿਆ ਸੀ, ਵਿੱਚ ਉਸ ਉੱਪਰ ਗੋਲੀ ਚਲਾਈ ਗਈ ਪਰ ‘‘ਆਪਣਾ ਦਾਸ ਸਮਝ ਕੇ” ਸਿਰ‘‘ ਕਾਲ ਨੇ ਉਸਨੂੰ ਬਚਾ ਲਿਆ : ਕਾਲੰ ਕੇਵਲੰ ਜਾਨ ਦਾਸੰ ਬਚਾਯੰ।। (ਪੰਨਾ 162, ਛੰਦ 30)

ਆਪਣੇ-ਆਪ ਨੂੰ ਮਹਾਂਕਾਲ-ਕਾਲਕਾ ਦਾ ਸ਼ਰਧਾਲੂ ਐਲਾਣਨ ਉਪਰੰਤ, ਕਵੀ ਕਾਲਕਾ ਦੀ ਉਸਤਤਿ ਵਿੱਚ ਦੋ ਹੋਰ ਛੰਦ ਰਚ ਕੇ (ਪੰਨਾ 109, ਛੰਦ 11) ਫ਼ਿਰ ਦੋ ਹੋਰ ਕਸੀਦੇ ਸੰਕਲਿਤ ਕਰਦਾ ਹੈ। ਇਹਨਾਂ ’ਚੋਂ ਤਿੰਨ (ਉਕਤ ਬਿਲਾਸ, ਚੰਡੀ ਚਰਿੱਤਰ-2 ਅਤੇ ਵਾਰ ਦੁਰਗਾ ਕੀ) ਅੱਗੜ-ਪਿੱਛੜ ਅਪਨੀ-ਕਥਾ ਉਪਰੰਤ ਆਉਂਦੇ ਹਨ ਅਤੇ ਕੁਝ ਲੇਖਕਾਂ ਮੁਤਾਬਕ ਚੌਥਾ, ਜੋ ਕਿ ਚਰਿਤਰੋਪਾਖਿਆਨ (ਨੰ: 404) ਵਿੱਚ ਸ਼ਾਮਲ ਹੈ, ਵੀ ਦਰਅਸਲ ਏਥੋਂ ਹੀ ਹੈ ਅਤੇ ਗਲਤੀ ਨਾਲ ਇਸ ਦਾ ਉਤਾਰਾ ਉਸ ਪੁਸਤਕ (ਚਰਿਤਰੋਪਾਖਿਆਨ) ਵਿੱਚ ਹੋ ਗਿਆ ਹੈ। ਇਕੱਠਿਆਂ ਵਾਚਿਆਂ ਇਹੀ ਚਾਰੇ ਰਚਨਾਵਾਂ ‘ਦਸਮ ਗ੍ਰੰਥ’ ਦਾ ਇੱਕੋ-ਇੱਕ ਅਜਿਹਾ ਹਿੱਸਾ ਹੋ ਨੱਬੜਦੀਆਂ ਹਨ, ਜਿਨ੍ਹਾਂ ਵਿੱਚ ਕਵੀ ਵੱਲੋਂ ਪੂਜਾਜਨਕ ਉਪਾਸਨਾ ਰਾਹੀਂ ਉਭਾਰੇ ਜਾ ਰਹੇ ਨਾਇਕ ਦਾ ਅਸਲ ਭੇਤ ਖੁੱਲ੍ਹਦਾ ਹੈ।

ਸਰਸਰੀ ਤੌਰ ’ਤੇ ਪੜ੍ਹਿਆਂ, ਅਪਨੀ-ਕਥਾ ਗੁਰੂ ਗੋਬਿੰਦ ਸਿੰਘ ਜੀ ਨੂੰ ਨਵੀਨ-ਸਾਕਤ ਮਤ ਦੇ ਮੁਖੀ ਵਜੋਂ ਸਥਾਪਤ ਕਰਦੀ ਹੈ। ਇਹ ਸਾਕਤਾਂ ਨੂੰ ਸਿੱਖ ਪੰਥ ਦੇ ਸਾਰੇ ਮਹਾਂਨਾਇਕਾਂ ਨੂੰ ਮਹਿਜ਼ ਇੱਕੋ ਯਤਨ ਰਾਹੀਂ ਮਲਕੜੇ ਜਹੇ ਚੁਰਾ ਲੈਣ ਅਤੇ ਸਿੱਖਾਂ ਵਿੱਚ ਹਥਿਆਰਾਂ ਦੀ ਪੂਜਾ, ਨਸ਼ਿਆਂ ਪ੍ਰਤੀ ਖਿੱਚ ਅਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖਾਂ ਵੱਲੋਂ ਰੱਦ ਕੀਤੇ ਹੋਏ ਸਾਕਤ-ਮੱਤ ਦੇ ਦੇਵੀ-ਦੇਵਤਿਆਂ ਦੀ ਪੂਜਾ ਦਾ ਰੁਝਾਨ ਪ੍ਰਚੱਲਤ ਕਰਨ ਦੇ ਸਮਰੱਥ ਬਣਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਇਸ ਖੰਡਨ ਦੇ ਗਵਾਹ ਹਨ। ਗੁਰੂ ਗ੍ਰੰਥ ਵਿੱਚ ਸੌ ਤੋਂ ਵੱਧ ਅਜਿਹੇ ‘ਸ਼ਬਦ’ ਹਨ ਜਿਨ੍ਹਾਂ ਵਿੱਚ ਸਾਰੇ ਗੁਰੂ ਅਤੇ ਜ਼ਿਆਦਾਤਰ ਭਗਤ ਸਾਕਤਾਂ ਨੂੰ ਦੁਰਕਾਰਦੇ ਹਨ ਅਤੇ ਉਨ੍ਹਾਂ ਦੇ ਆਚਾਰ-ਵਿਹਾਰ ਨੂੰ ਘਿਰਣਾਜਨਕ ਕਰਾਰ ਦਿੰਦਿਆਂ ਉਸ ਦੀ ਮੁਖ਼ਾਲਫ਼ਤ ਕਰਦੇ ਹਨ। ‘ਦਸਮ ਗ੍ਰੰਥ’ ਸਰਾਸਰ ਸਿੱਖ ਲਹਿਰ ਨੂੰ ਉਧਾਲਣ ਅਤੇ ਇਸਦੇ ਮਹਾਂ-ਨਾਇਕਾਂ ਨੂੰ ਚੁਰਾਉਣ ਦਾ ਇੱਕ ਸਿੱਧ-ਪੱਧਰਾ ਯਤਨ ਹੈ। ਮਹਾਂ-ਨਾਇਕਾਂ ਨੂੰ ਚੁਰਾਉਣ ਦੀ ਪਿਰਤ ਅਜੋਕੇ ਯੁੱਗ ਤੱਕ ਪੁੱਜ ਚੁੱਕੀ ਹੈ। ਕੁਝ ਇੱਕ ਨੂੰ ਅਜਿਹੇ ਝਪਟਮਾਰਾਂ ਨੇ ਆਪਣੀਆਂ ਜਾਤਾਂ ਨੂੰ ਸ਼ਿੰਗਾਰਨ ਲਈ ਝਪਟ ਲਿਆ ਹੈ।

ਪਿੱਛੇ ਜਿਹੇ ਪੰਜਾਬ ਦੇ ਇੱਕ ਮੋਹਿਆਲ ਬ੍ਰਾਹਮਣ ਗਵਰਨਰ ਨੇ ਭਾਈ ਮਤੀ ਦਾਸ ਜੀ ’ਤੇ ਆਪਣਾ ਹੱਕ ਜਤਾਇਆ ਸੀ ਅਤੇ ਬਹੁਤ ਪ੍ਰਸਿੱਧ ਭਾਈ ਜੀਵਨ ਸਿੰਘ ਨੂੰ ਮਹਿਜ਼ ਇੱਕ ਰੰਘਰੇਟੇ ਵਜੋਂ ਛੁਟਿਆਇਆ ਗਿਆ ਹੈ। ਬਾਲ ਸ਼ਹੀਦ ‘ਹਕੀਕਤ ਰਾਏ’ ਨੂੰ ਉਧਾਲਣ ਲਈ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਅਤੇ ਬਾਬਾ ਸਿੰਘ ਬਹਾਦਰ ਬਾਰੇ ਰੱਸਾਕਸ਼ੀ ਚਲਦਿਆਂ ਤਾਂ ਹੁਣ ਲਗਭਗ ਇੱਕ ਸ਼ਤਾਬਦੀ ਦਾ ਸਮਾਂ ਹੋ ਗਿਆ ਹੈ। ਇਸ ਪਿੱਛੇ ਮਕਸਦ ਇਹ ਹੈ ਕਿ ਇੱਕ ਪੂਰੀ ਦਹਿ-ਸਦੀ ਦੇ ਸਮੇਂ ’ਚ ਇੱਕ ਵੀ ਜ਼ਿਕਰਯੋਗ ਨਾਇਕ ਨਾ ਪੈਦਾ ਕਰ ਸਕਣ ਵਾਲੀ ਸੱਭਿਅਤਾ ਨੂੰ ਉਧਾਲੀਆਂ ਹੋਈਆਂ ਕਲਗੀਆਂ ਦੀ ਚਮਕ ਨਾਲ ਰੁਸ਼ਨਾਇਆ ਜਾ ਸਕੇ। ਇਉਂ ਜਿਹੜੀ (ਸਿੱਖ) ਸੱਭਿਅਤਾ ਨੇ ਇਹ ਸਾਰੇ ਮਹਾਨ ਨਾਇਕ ਪੈਦਾ ਕੀਤੇ, ਉਸ ਨੂੰ ਗੁਲਾਮ, ਕੰਗਾਲ ਅਤੇ ਤਿਰਸਕਾਰੀ ਹੋਈ ਸਿੱਧ ਕਰਕੇ ਉਸਦੀ ਵੱਖਰੀ ਪਛਾਣ ਨੂੰ ਸਾਕਤ-ਮੱਤ ਦੇ ਖਾਰੇ ਸਾਗਰ ਵਿੱਚ ਅਭੇਦ ਕੀਤਾ ਜਾਵੇਗਾ। ਅਣਗਿਣਤ ਮੁਖੌਟਿਆਂ ਵਾਲੀ ਠੱਗ ਸੱਭਿਅਤਾ ਦੇ ਸੁਪਨੇ ਉਸ ਸਮੇਂ ਪੂਰੀ ਤਰ੍ਹਾਂ ਸੱਚ ਹੋ ਜਾਣਗੇ ਜਦ ਇਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਦਸਵੇਂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਉੱਪਰ ਦਾਅਵਾ ਜਤਾਉਣ ਦੇ ਸਮਰੱਥ ਹੋ ਜਾਏਗੀ। ਬਚਿੱਤਰ ਨਾਟਕ (ਅਪਨੀ-ਕਥਾ) ਵਿੱਚ ਗੁਰੂ ਸਾਹਿਬ ਦੇ ਜੀਵਨ-ਮਨੋਰਥ ਅਤੇ ਪ੍ਰਾਪਤੀਆਂ ਦੇ ਪੁਨਰਵਿਆਖਿਆਕਾਰ ਦਾ ਇਹੀ ਸੁਪਨਾ ਹੈ।

ਮਹਾਂਕਾਲ ਅਤੇ ਕਾਲਕਾ ਬਾਰੇ ਇੱਕ ਨਜ਼ਰੀਆ

ਮਹਾਂਕਾਲ ਨੂੰ ਭਾਰਤ ਦੇ ਮੂਲ ਨਿਵਾਸੀਆਂ ਦੇ ਅਸਲ ਭਗਵਾਨ ਸ਼ਿਵ ਤੋਂ ਵੀ ਵੱਧ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ। ਉਹ ਇੱਕ ਪੁਰਾਤਨ ਦੇਵਤਾ ਹੈ ਅਤੇ ਸਭ ਤੋਂ ਵੱਧ ਪੂਜਨੀਕ ਤੇ ਖੌਫਜਨਕ ਭਗਵਾਨਾਂ ਵਿੱਚੋਂ ਇੱਕ ਹੈ। ਮੋਹਿੰਜੋਦੜੋ ਵਿਖੇ ਸ਼ਿਵ ਨੂੰ ਉਸਦੇ ਡਮਰੂ ਅਤੇ ਵਾਹਨ, ਨੰਦੀ ਸਾਂਢ, ਸਹਿਤ ਦਰਸਾਉਂਦੀਆਂ ਮੋਹਰਾਂ ਵਿੱਚੋਂ ਖੋਜਿਆ ਅਤੇ ਪਛਾਣਿਆ ਜਾ ਚੁੱਕਾ ਹੈ। ਸ਼ਿਵ ਨੂੰ ਹਿੰਦੂ ਦੇਵਤਿਆਂ ਦੇ ਦੇਵਾਲਯ ਵਿੱਚ, ਜੇਤੂ ਆਰੀਯਾਂ ਵੱਲੋਂ, ਉਸਦੇ ਪੈਰੋਕਾਰਾਂ ਨੂੰ ਆਪਣੇ ਅਧੀਨ ਕਰਨ ਲਈ, ਸ਼ਾਮਲ ਕਰ ਲਿਆ ਗਿਆ ਸੀ। ਸ਼ਾਇਦ ਜ਼ਬਰੀ ਇੱਕਮਿੱਕ ਕਰਨ ਦੀ ਪ੍ਰਕਿਰਿਆ ਦੇ ਬਦਲੇ ਵਜੋਂ ਦ੍ਰਾਵਿੜਾਂ ਦੇ ਪ੍ਰਤੀਕਰਮ ਵਿੱਚੋਂ ਮਹਾਂਕਾਲ ਦੇ ਤਸੱਵਰ ਦਾ ਵਿਕਾਸ ਹੋਇਆ। ਉਸਦੀ ਪਤਨੀ ਜਾਂ ਨਾਰੀ ਰੂਪ ਦੇਵੀ, ਜਿਸਨੂੰ ਸੈਂਕੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ, ਦੀ ਸੰਪਰਦਾ ਨੇ ਵੀ ਓਨੀ ਹੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਇਹ ਮੋਟਾ ਜਿਹਾ ਅਨੁਮਾਨ ਕਿ ਆਪਣੀ ਸਰੀਰਕ ਹਾਰ ਅਤੇ ਜ਼ਿਹਨੀ ਗੁਲਾਮੀ ਦਾ ਵਿਰੋਧ ਕਰ ਰਹੇ ਮੂਲ ਨਿਵਾਸੀਆਂ ਦਾ ਮੁਕਾਬਲਾ ਕਰਨ ਲਈ ਆਰੀਯਾਂ ਨੇ ਦੇਵੀ ਨੂੰ ਉਭਾਰਿਆ ਸੀ, ਇੱਕ ਕੋਰੀ ਕਲਪਨਾ ਦੀ ਬਜਾਏ ਵਧੇਰੇ ਠੋਸ ਤੱਥ ਪ੍ਰਤੀਤ ਹੁੰਦਾ ਹੈ। ਇਹ ਪ੍ਰਤੱਖ ਹੈ ਕਿ ਉਸ ਸਮੇਂ ਤੋਂ ਹੀ ਇਹ ਦੇਵੀ ਕਾਤਲਾਂ, ਠੱਗਾਂ ਅਤੇ ਅੱਤਵਾਦੀਆਂ ਦਾ ਆਦਰਸ਼ ਰਹੀ ਹੈ। ਉਹ ਹਾਲਾਂ ਤੱਕ ਵੀ ਪ੍ਰਸਿੱਧੀ ਦੀ ਸਿਖਰ ’ਤੇ ਹੈ। ਉੱਤਰੀ ਭਾਰਤ ਵਿੱਚ ਉਸਨੂੰ ਲਗਭਗ ਹਰ ਥਾਂ ਤੇ ਵੱਖ-ਵੱਖ ਨਾਵਾਂ ਨਾਲ ਪੂਜਿਆ ਜਾਂਦਾ ਹੈ। ਉੱਤਰੀ ਭਾਰਤ ਵਿੱਚ ਹਰਮਨ ਪਿਆਰੇ ਹੋਰਨਾਂ ਰੂਪਾਂ ਤੋਂ ਇਲਾਵਾ, ਦੱਖਣੀ ਭਾਰਤ ਵਿੱਚ ਵੀ ਉਸਦੀ ‘ਯੈਲੰਮਾ’ ਜਾਂ ‘ਸਭ ਦੀ ਮਾਂ’ ਦੇ ਰੂਪ ਵਿੱਚ ਹਾਲਾਂ ਵੀ ਪੂਜਾ ਹੁੰਦੀ ਹੈ।

ਹਿੰਦੂਆਂ ਦੇ ਪੁਰਾਣ, ਭਾਵੇਂ ਹਮੇਸ਼ਾ ਪ੍ਰਸ਼ੰਸਾ ਵਜੋਂ ਨਹੀਂ, ਪਰ ਇਨ੍ਹਾਂ ਨੂੰ ਵੱਡੇ ਰੂਪ ਵਿੱਚ ਪੇਸ਼ ਕਰਦੇ ਹਨ। ਦੇਸ਼ਭਗਤ ਅਤੇ ਜਨੂੰਨੀ ਲੋਕਾਂ ਨੇ, ਧਰਮ ਦੇ ਆਪਣੇ ਸੰਕਲਪ ਨੂੰ ਦੂਜਿਆਂ ਉੱਪਰ ਥੋਪਣ ਅਤੇ ਜੇਤੂਆਂ ਤੋਂ ਛੁਟਕਾਰਾ ਪਾਉਣ ਦੀ ਵਿਅਰਥ ਲਾਲਸਾ ਵਿੱਚ, ਇਨ੍ਹਾਂ ਦਾ ਉਪਯੋਗ ਕੀਤਾ ਹੈ। ਸ਼ਿਵਾਜੀ ਮਰਹੱਟਾ ਇਸ ਦੇਵੀ ਦੀ ਪੂਜਾ ਕਰਦਾ ਸੀ ਅਤੇ ਇਸੇ ਦੇ ਇੱਕ ਰੂਪ ਦੇ ਉਪਾਸ਼ਕ ਵਜੋਂ ਆਪਣੀ ਤਲਵਾਰ ਨੂੰ ਢੁਕਵੇਂ ਤੌਰ ’ਤੇ ‘ਭਵਾਨੀ’ ਕਿਹਾ ਕਰਦਾ ਸੀ। ਭਾਰਤ ਵਿੱਚ ਆਉਣ ਵਾਲੇ ਸਭ ਤੋਂ ਪੁਰਾਤਨ ਯਾਤਰੀਆਂ ਨੇ ਇਨ੍ਹਾਂ ਦੇਵਤਿਆਂ ਵੱਲ ਧਿਆਨ ਦਿੱਤਾ ਸੀ। ਸੰਨ 998 ਦੀ ਇੱਕ ਅਰਬ ਲਿਖਤ ਵਿੱਚ ਇੱਕ ਦਿਲਚਸਪ ਵਰਣਨ ਹੈ :

ਭੂਗੋਲ-ਸ਼ਾਸਤਰੀ ਅਬੁਲ ‘‘ਰਾਜ਼ ਨੂੰ ਮਹਾਂਕਾਲ ਦੀ ਇੱਕ ਮੂਰਤੀ ਮਿਲੀ। ‘‘ਇਸਦੇ ਚਾਰ ਹੱਥ ਸਨ, ਰੰਗ ਅਸਮਾਨੀ ਨੀਲਾ ਸੀ ਅਤੇ ਇਸਦਾ ਸਿਰ ਚਿਪਚਿਪੇ ਜਿਹੇ ਵਾਲਾਂ ਨਾਲ ਢੱਕਿਆ ਸੀ। ਇਸਦੇ ਚਿਹਰੇ ’ਤੇ ਮੀਸਣਾ ਹਾਸਾ ਹੈ। ਉਸਦਾ ਢਿੱਡ ਨੰਗਾ ਹੈ ਪਰ ਪਿੱਠ ਹਾਥੀ ਦੀ ਖੱਲ੍ਹ ਨਾਲ ਢੱਕੀ ਹੋਈ ਹੈ, ਜਿਸ ਵਿੱਚੋਂ ਖੂਨ ਦੀਆਂ ਬੂੰਦਾਂ ਟਪਕ ਰਹੀਆਂ ਹਨ। ਉਸਦੇ ਇੱਕ ਹੱਥ ਵਿੱਚ ਖੁੱਲ੍ਹੇ ਮੂੰਹ ਵਾਲਾ ਇੱਕ ਵੱਡਾ ਨਾਗ ਹੈ ਅਤੇ ਦੂਜੇ ਹੱਥ ਵਿੱਚ ਇੱਕ ਲਾਠੀ ਹੈ; ਤੀਜੇ ਹੱਥ ਵਿੱਚ ਇੱਕ ਇਨਸਾਨ ਦਾ ਸਿਰ ਹੈ ਅਤੇ ਚੌਥਾ ਹੱਥ ਉੱਪਰ ਚੁੱਕਿਆ ਹੋਇਆ ਹੈ। ਇਸਨੇ ਆਪਣੇ ਕੰਨਾਂ ਵਿੱਚ ਮੁੰਦਰਾਂ ਦੇ ਤੌਰ ’ਤੇ ਦੋ ਸੱਪ ਪਾਏ ਹੋਏ ਹਨ; ਦੋ ਵੱਡੇ ਸੱਪ ਇਸਦੇ ਸਰੀਰ ਦੇ ਆਲੇ-ਦੁਆਲੇ ਲਿਪਟੇ ਹੋਏ ਹਨ, ਖੋਪੜੀਆਂ ਦਾ ਬਣਿਆ ਹੋਇਆ ਇੱਕ ਮੁਕਟ ਉਸਦੇ ਸਿਰ ’ਤੇ ਹੈ ਅਤੇ ਗਰਦਨ ਵੀ ਇਸੇ ਤਰ੍ਹਾਂ ਸ਼ਿੰਗਾਰੀਬ ਹੋਈ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਮਹਾਂਕਾਲ ਇੱਕ ਤਾਕਤਵਰ ਆਤਮਾ ਹੈ, ਜੋ ਆਪਣੀ ਮਹਾਨ ਤਾਕਤ ਦੇ ਮੱਦੇਨਜ਼ਰ ਪੂਜਣਯੋਗ ਹੈ।” (ਵੇਖੋ, ਐਸ.ਐਮ. ਕਾਤਰੇ ਅਤੇ ਪੀ.ਕੇ. ਗੋਡੇ ਸੰਪਾਦਕ, ਨਿਊ ਇੰਡੀਅਨ ਐਂਡੀਕੁਐਰੀ, ਭਾਗ 2, {1939-40}, ਕਰਨਾਟਕ ਪਬਲਿਸ਼ਿੰਗ ਹਾਊਸ, ਬੰਬਈ, ਪੰਨਾ 371)

ਉਸਦਾ ਦੂਜਾ ਰੂਪ ਵੀ ਏਨਾ ਹੀ ਚਿਤਰਣਯੋਗ ਹੈ। (ਕਾਲੀ ਜਾਂ ਕਾਲਿਕਾ, ਕਾਲੇ ਰੰਗ ਵਾਲੀ ਵਜੋਂ, ਉਸਨੂੰ ਕਾਲੀ ਚਮੜੀ, ਇੱਕ ਭਿਆਨਕ ਅਤੇ ਖੌਫਨਾਕ ਚਿਹਰੇ, ਜਿਸ ਤੋਂ ਖੂਨ ਟਪਕਦਾ ਹੈ; ਆਲੇ-ਦੁਆਲੇ ਸੱਪ ਲਿਪਟੇ ਹੋਏ, ਜਿਹੜੇ ਮਨੁੱਖੀ ਸਿਰਾਂ ਅਤੇ ਖੋਪੜੀਆਂ ਦੀ ਮਾਲਾ ਨਾਲ ਲਟਕ ਰਹੇ ਹਨ, ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। -ਜਾਨ ਡਾਊਸਨ, ਏ ਕਲਾਸਿਕਲ ਡਿਕਸ਼ਨਰੀ, ਰਾਉਟਲੈੱਜ ਐਂਡ ਕੇਗਨ ਪਾਲ ਲਿਮਟਿਡ, ਲੰਡਨ; 1975, ਪੰਨਾ 86-87)। ਸੁਲਤਾਨਾਂ ਨੇ ਇਨ੍ਹਾਂ ਦੇਵੀ-ਦੇਵਤਿਆਂ ਦੇ ਸ਼ਰਧਾਲੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਲਤਮਸ਼ ਨੇ ਉੱਜੈਨ ਦੇ ਮੁੱਖ ਮੰਦਰ ਨੂੰ ਤੋੜ ਸੁੱਟਿਆ ਅਤੇ ਮਹਾਂਕਾਲ ਦੀ ਮੂਰਤੀ ਨੂੰ ਦਿੱਲੀ ਲੈ ਆਂਦਾ, ਜਿੱਥੇ ਉਸਨੇ ਬਹੁਤ ਤਰੀਕਿਆਂ ਨਾਲ ਇਸਦੀ ਬੇਅਦਬੀ ਕੀਤੀ। ਮੁਗਲਾਂ ਅਤੇ ਅੰਗਰੇਜ਼ਾਂ ਨੇ ਇਨ੍ਹਾਂ ਦੇ ਸ਼ਰਧਾਲੂਆਂ ਨੂੰ ਜ਼ਾਬਤੇ ’ਚ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਠੱਗ ਵੀ ਸ਼ਾਮਲ ਸਨ।-ਗੁਰਤੇਜ ਸਿੰਘ   singh sabha canada   http://www.singhsabhacanada.com/